ਨਵੀਂ ਦਿੱਲੀ (ਪੱਤਰ ਪ੍ਰੇਰਕ): ਪੂਰਬੀ ਦਿੱਲੀ ਦੇ ਮੰਡਾਵਲੀ ਖੇਤਰ ਵਿੱਚ ਇੱਕ 15 ਸਾਲਾ ਲੜਕੇ ਨੇ ਇਮਾਰਤ ਦੀ ਛੇਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ। ਪੁਲੀਸ ਨੇ ਦੱਸਿਆ ਕਿ ਮ੍ਰਿਤਕ ਰਾਸ਼ਟਰਮੰਡਲ ਖੇਡ ਪਿੰਡ ਦਾ ਵਸਨੀਕ ਹੈ। ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਘਟਨਾ ਸ਼ਨੀਵਾਰ ਰਾਤ ਕਰੀਬ 8.30 ਵਜੇ ਵਾਪਰੀ ਜਦੋਂ ਲੜਕੇ ਦੇ ਮਾਤਾ-ਪਿਤਾ ਮਯੂਰ ਵਿਹਾਰ ਬਾਜ਼ਾਰ ’ਚ ਸਨ ਤੇ ਉਹ ਘਰ ਵਿੱਚ ਇਕੱਲਾ ਸੀ। ਡਿਪਟੀ ਕਮਿਸ਼ਨਰ ਆਫ਼ ਪੁਲੀਸ (ਪੂਰਬੀ) ਪ੍ਰਿਅੰਕਾ ਕਸ਼ਯਪ ਨੇ ਦੱਸਿਆ ਕਿ ਗੁਆਂਢੀਆਂ ਵੱਲੋਂ ਉਸ ਨੂੰ ਮੈਕਸ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਕਸ਼ਯਪ ਨੇ ਕਿਹਾ ਕਿ ਅਪਰਾਧ ਟੀਮ ਤੇ ਫੋਰੈਂਸਿਕ ਸਾਇੰਸ ਲੈਬਾਰਟਰੀ ਟੀਮ ਦੇ ਮਾਹਿਰਾਂ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ। ਅਜੇ ਤੱਕ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਹੈ ਕਿ ਲੜਕੇ ਨੇ ਇਹ ਕਦਮ ਕਿਉਂ ਚੁੱਕਿਆ।