ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 31 ਮਈ
ਟ੍ਰੈਫਿਕ ਪੁਲੀਸ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੂੰ ਇੱਕ ਦਿਨ ਪਹਿਲਾਂ ਰਾਜਧਾਨੀ ਵਿੱਚ ਮੀਂਹ ਅਤੇ ਤੂਫ਼ਾਨ ਤੋਂ ਬਾਅਦ ਟ੍ਰੈਫਿਕ ਜਾਮ ਨਾਲ ਸਬੰਧਤ 352 ਕਾਲਾਂ ਅਤੇ ਇਮਾਰਤ ਜਾਂ ਕੰਧ ਡਿੱਗਣ ਦੀਆਂ 14 ਕਾਲਾਂ ਆਈਆਂ। ਸੋਮਵਾਰ ਸ਼ਾਮ ਨੂੰ ਤੇਜ਼ ਹਨੇਰੀਆਂ ਤੇ ਭਾਰੀ ਮੀਂਹ ਕਾਰਨ ਸੈਂਕੜੇ ਦਰੱਖਤ ਉਖੜ ਗਏ, ਸੜਕ ਅਤੇ ਹਵਾਈ ਆਵਾਜਾਈ ਵਿੱਚ ਵਿਘਨ ਪਿਆ ਅਤੇ ਮਸ਼ਹੂਰ ਜਾਮਾ ਮਸਜਿਦ ਸਮੇਤ ਵਾਹਨਾਂ ਅਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ, ਜਿਸ ਕਾਰਨ ਤਿੰਨ ਵਿਅਕਤੀ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ। ਦਿੱਲੀ ਟ੍ਰੈਫਿਕ ਪੁਲੀਸ ਨੇ ਕਿਹਾ ਕਿ ਵੱਖ-ਵੱਖ ਏਜੰਸੀਆਂ ਦੀ ਮਦਦ ਨਾਲ ਦਰੱਖਤਾਂ ਦੀਆਂ ਟਾਹਣੀਆਂ ਨਾਲ ਭਰੀਆਂ ਸੜਕਾਂ ਨੂੰ ਸਾਫ ਕਰਨ ਦਾ ਕੰਮ ਅਜੇ ਵੀ ਜਾਰੀ ਹੈ।
ਦੱਖਣੀ ਦਿੱਲੀ ਦੇ ਬਦਰਪੁਰ ਫਲਾਈਓਵਰ ਦਾ ਹਿੱਸਾ ਪੁਲ ਪ੍ਰਹਿਲਾਦਪੁਰ ਅੰਡਰਪਾਸ ਹੇਠਾਂ ਜਮ੍ਹਾਂ ਪਾਣੀ ਨੂੰ ਹਟਾਉਣ ਮਗਰੋਂ ਮਹਿਰੌਲੀ-ਬਦਰਪੁਰ ਰੂਟ ਉਪਰ ਆਵਾਜਾਈ ਸ਼ੁਰੂ ਹੋ ਗਈ। ਇਸੇ ਦੌਰਾਨ ਅੰਡਰਪਾਸ ਦੇ ਪਾਣੀ ਵਿੱਚੋਂ ਇੱਕ ਲਾਸ਼ ਬਰਾਮਦ ਦਿੱਲੀ ਪੁਲੀਸ ਵੱਲੋਂ ਬਰਾਮਦ ਕੀਤੀ ਗਈ ਜਿਸ ਦੀ ਪਛਾਣ ਕਰਨ ਦੀ ਕੋਸ਼ਿਸ਼ ਜਾ ਰਹੀ ਸੀ। ਸਾਰਾ ਦਿਨ ਬਾਗ਼ਬਾਨੀ ਮਹਿਕਮੇ ਤੇ ਅਧਿਕਾਰੀ, ਮੁਲਾਜ਼ਮ ਤੇ ਮਜ਼ਦੂਰ ਸੜਕਾਂ ਉਪਰ ਡਿੱਗੇ ਦਰਖ਼ਤਾਂ ਨੂੰ ਵੱਢ ਕੇ ਪਾਸੇ ਕਰਦੇ ਰਹੇ। ਇੱਕਲੇ ਐੱਨਡੀਐੱਮਸੀ ਇਲਾਕੇ ਵਿੱਚ ਹੀ 70 ਤੋਂ ਵੱਧ ਵੱਡੇ, ਛੋਟੇ ਦਰੱਖ਼ਤ ਝੱਖੜ ਦੌਰਾਨ ਜੜੋਂ ਪੁੱਟੇ ਗਏ।
ਦਿੱਲੀ ਦੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਨੇ ਅੱਜ ਕਿਹਾ ਕਿ ਤੂਫ਼ਾਨ ਕਾਰਨ ਦਰੱਖਤਾਂ ਦੇ ਪੁੱਟੇ ਜਾਣ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ ਤੇ ਜਲਦੀ ਤੋਂ ਜਲਦੀ ਇਸ ਦਾ ਹੱਲ ਕੀਤਾ ਜਾਵੇਗਾ। ਟ੍ਰੈਫਿਕ ਪੁਲੀਸ ਨੇ ਦੱਸਿਆ ਕਿ ਉਸ ਦੇ ਕੰਟਰੋਲ ਰੂਮ ਨੂੰ ਭੀੜ-ਭੜੱਕੇ, ਟ੍ਰੈਫਿਕ ਸਿਗਨਲਾਂ ਦੀ ਅਸਫਲਤਾ, ਦਰੱਖਤ ਤੇ ਬਿਜਲੀ ਦੇ ਖੰਭਿਆਂ ਦੇ ਉਖੜਨ, ਬਿਜਲੀ ਦੀਆਂ ਓਵਰਹੈੱਡ ਤਾਰਾਂ ਅਤੇ ਕੇਬਲਾਂ ਦੇ ਟੁੱਟਣ ਬਾਰੇ 350 ਤੋਂ ਵੱਧ ਕਾਲਾਂ ਆਈਆਂ। ਉਨ੍ਹਾਂ ਦੱਸਿਆ ਕਿ ਟਰੈਫਿਕ ਵਿੱਚ ਵਿਘਨ ਪਾਉਣ ਵਾਲੇ ਦਰੱਖਤਾਂ ਨੂੰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਟਰੈਫਿਕ ਮੁਲਾਜ਼ਮਾਂ ਵੱਲੋਂ ਹੋਰਨਾਂ ਸਿਵਲ ਏਜੰਸੀਆਂ ਦੀ ਮਦਦ ਨਾਲ ਹਟਾਇਆ ਗਿਆ। ਟ੍ਰੈਫਿਕ ਪੁਲੀਸ ਅਨੁਸਾਰ ਅੱਜ ਟ੍ਰੈਫਿਕ ਦੇ ਸਿਖਰ ਹੋਣ ਕਾਰਨ ਦਰੱਖਤਾਂ ਅਤੇ ਬਿਜਲੀ ਦੇ ਖੰਭਿਆਂ ਦੇ ਉਖੜ ਜਾਣ ਅਤੇ ਸਿਗਨਲ ਨਾ ਚੱਲਣ ਕਾਰਨ ਮਦਰ ਟੈਰੇਸਾ ਕ੍ਰੇਸੈਂਟ, ਅਸ਼ੋਕਾ ਰੋਡ, ਸ਼ੰਕਰ ਰੋਡ, ਫ਼ਿਰੋਜ਼ਸ਼ਾਹ ਰੋਡ, ਕਸਤੂਰਬਾ ਗਾਂਧੀ ਮਾਰਗ, ਜੰਤਰ-ਮੰਤਰ ਮਾਰਗ ਸਮੇਤ ਵੱਖ-ਵੱਖ ਅਹਿਮ ਸੜਕਾਂ ‘ਤੇ ਆਵਾਜਾਈ ਜਾਮ ਹੋ ਗਈ। ਟਰੈਫਿਕ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ ਹੋਰ ਨਾਗਰਿਕ ਏਜੰਸੀਆਂ ਅਤੇ ਬਾਗਬਾਨੀ ਵਿਭਾਗਾਂ ਨਾਲ ਵੀ ਸੰਪਰਕ ਕੀਤਾ। ਉਨ੍ਹਾਂ ਨੂੰ ਸੜਕਾਂ ਤੋਂ ਪੁੱਟੇ ਗਏ ਦਰੱਖਤਾਂ ਅਤੇ ਖੰਭਿਆਂ ਨੂੰ ਹਟਾਉਣ, ਟੁੱਟੇ ਵਾਹਨਾਂ ਨੂੰ ਹਟਾਉਣ ਅਤੇ ਆਵਾਜਾਈ ਦੇ ਆਮ ਪ੍ਰਵਾਹ ਨੂੰ ਬਹਾਲ ਕਰਨ ਲਈ ਕਿਹਾ ਗਿਆ। ਆਫਤ ਪ੍ਰਬੰਧਨ ਵਾਹਨਾਂ, ਸਥਾਨਕ ਉਸਾਰੀ ਵਾਲੀਆਂ ਥਾਵਾਂ ਤੋਂ ਟੋਇੰਗ ਕਰੇਨਾਂ ਤੇ ਜੇਸੀਬੀ ਕਰੇਨਾਂ ਨਾਲ ਫੁੱਟਪਾਥਾਂ ਤੇ ਕਿਨਾਰਿਆਂ ਦੇ ਨਾਲ ਦਰੱਖਤਾਂ ਨੂੰ ਹਟਾ ਦਿੱਤਾ ਗਿਆ।