ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਅਪਰੈਲ
ਦੱਖਣੀ ਦਿੱਲੀ ਮਿਉਂਸਪਲ ਕਾਰਪੋਰੇਸ਼ਨ ਦੇ ਮੇਅਰ ਮੁਕੇਸ਼ ਸੂਰਯਨ ਨੇ ਸੱਤਿਆ ਨਿਕੇਤਨ ਵਿੱਚ ਇਮਾਰਤ ਦੇ ਢਹਿ ਜਾਣ ਦੀ ਜਾਂਚ ਦੇ ਹੁਕਮ ਦਿੱਤੇ ਹਨ ਜਿਸ ਵਿੱਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਸੀ ਤੇ ਚਾਰ ਹੋਰ ਜ਼ਖ਼ਮੀ ਹੋ ਗਏ ਸਨ। ਸੂਰਯਨ ਨੇ ਕਿਹਾ ਕਿ ਨਿਗਮ ਦੇ ਕਮਿਸ਼ਨਰ ਗਿਆਨੇਸ਼ ਭਾਰਤੀ ਨੂੰ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਸ੍ਰੀ ਸੂਰਯਨ ਨੇ ਕਿਹਾ ਕਿ ਨਾਜਾਇਜ਼ ਉਸਾਰੀ ਨੂੰ ਰੋਕਣ ਲਈ ਨਿਗਮ ਨੇ ਜੋ ਵੀ ਪ੍ਰਕਿਰਿਆ ਕਰਨੀ ਸੀ ਉਹ ਪੂਰੀ ਕਰ ਲਈ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਜੇਕਰ ਕੋਈ ਹਾਦਸਾ ਹੋਇਆ ਹੈ ਤਾਂ ਇਸ ਦੀ ਜਾਂਚ ਕੀਤੀ ਜਾਵੇਗੀ ਜੇਕਰ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਪੁਲੀਸ ਅਨੁਸਾਰ ਰਾਤ ਕਰੀਬ 1.15 ਵਜੇ ਮੁਰੰਮਤ ਅਧੀਨ ਤਿੰਨ ਮੰਜ਼ਿਲਾ ਮਕਾਨ ਦੀ ਛੱਤ ਢਹਿ ਗਈ ਜਿਸ ਕਾਰਨ ਛੇ ਮਜ਼ਦੂਰ ਫਸ ਗਏ। ਲੋਕ ਘੰਟਿਆਂ ਤੱਕ ਫਸੇ ਰਹੇ ਕਿਉਂਕਿ ਦਿੱਲੀ ਫਾਇਰ ਸਰਵਿਸਿਜ਼, ਦਿੱਲੀ ਪੁਲਿਸ ਤੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਦੀਆਂ ਕਈ ਟੀਮਾਂ ਮਲਬੇ ਨੂੰ ਹਟਾਉਣ ਅਤੇ ਉਨ੍ਹਾਂ ਨੂੰ ਬਚਾਉਣ ਲਈ ਕੰਮ ਕਰ ਰਹੀਆਂ ਸਨ। ਇਸ ਹਾਦਸੇ ਵਿੱਚ ਅਸਲਮ (17), ਬਿਲਾਲ (40), ਸਰਫਰਾਜ਼ (25), ਨਸੀਮ (35), ਮੁਸ਼ਾਹਿਦ (19) ਅਤੇ ਫਿਰਦੌਸ ਨੂੰ ਬਚਾਇਆ ਗਿਆ ਅਤੇ ਹਸਪਤਾਲ ਲਿਜਾਇਆ ਗਿਆ। ਨਸੀਮ ਅਤੇ ਬਿਲਾਲ ਨੇ ਏਮਜ਼ ਵਿੱਚ ਦਮ ਤੋੜ ਦਿੱਤਾ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਜ਼ਮੀਨ ਤੋਂ ਤੀਜੀ ਮੰਜ਼ਿਲ ਤੱਕ ਪੁਰਾਣੀ ਅਤੇ ਮੌਜੂਦਾ ਇਮਾਰਤ ਵਿੱਚ ਨਵੇਂ ਕਾਲਮ ਬਣਾਉਣ ਅਤੇ ਅੰਦਰੂਨੀ ਕੰਧਾਂ ਨੂੰ ਬਦਲਣ ਦੇ ਰੂਪ ਵਿੱਚ ਅਣਅਧਿਕਾਰਤ ਉਸਾਰੀ ਕੀਤੀ ਗਈ ਸੀ।