ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਮਈ
ਦਿੱਲੀ ਅਤੇ ਦੇਸ਼ ਦੇ ਵਪਾਰੀ ਇਸ ਗੱਲੋਂ ਨਿਰਾਸ਼ ਹਨ ਕਿ ਸੋਨੇ ਦੇ ਕਾਰੋਬਾਰੀਆਂ ਲਈ ਸਭ ਤੋਂ ਅਹਿਮ ਸਮੇਂ ਅਕਸ਼ੈ ਤ੍ਰਿਤੀਆ ਤੇ ਈਦ ਦਾ ਹੁੰਦਾ ਹੈ ਪਰ ਇਸ ਸਮੇਂ ਲੌਕਡਾਊਨ ਲੱਗਾ ਹੋਣ ਕਾਰਨ ਉਨ੍ਹਾਂ ਦਾ ਕਾਰੋਬਾਰ ਠੱਪ ਹੈ। 14 ਮਈ ਨੂੰ ਅਕਸ਼ੈ ਤ੍ਰਿਤੀਆ ਤੇ ਈਦ ਦਾ ਤਿਉਹਾਰ ਦੇਸ਼ ਭਰ ਵਿਚ ਮਨਾਇਆ ਜਾਵੇਗਾ ਪਰ ਦੇਸ਼ ਭਰ ਦੇ ਗਹਿਣਿਆਂ ਦੇ ਵਪਾਰੀਆਂ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ ਕਿਉਂਕਿ ਅਕਸ਼ੈ ਤ੍ਰਿਤੀਆ ਦੇ ਦਿਨ ਸਭ ਤੋਂ ਜ਼ਿਆਦਾ ਮਾਤਰਾ ’ਚ ਸੋਨਾ ਦੇਸ਼ ਵਿਚ ਵੇਚਿਆ ਜਾਂਦਾ ਹੈ। ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਕੈਟ) ਦੇ ਕੌਮੀ ਪ੍ਰਧਾਨ ਬੀਸੀ ਭਾਰਟੀਆ ਤੇ ਕੌਮੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਕੱਲ ਈਦ ਦੇ ਤਿਉਹਾਰ ਦੇ ਕਾਰਨ ਗਹਿਣਿਆਂ ਦੇ ਵਪਾਰੀ ਵੀ ਈਦ ਦੇ ਦਿਨ ਸੋਨੇ ਦੇ ਗਹਿਣਿਆਂ ਦੇ ਵਪਾਰ ਦੇ ਵਾਧੂ ਘਾਟੇ ਦਾ ਸਾਹਮਣਾ ਕਰਨਗੇ। ਦੇਸ਼ ਦੇ ਚੋਟੀ ਦੇ ਗਹਿਣਿਆਂ ਦੇ ਵਪਾਰਕ ਸੰਗਠਨ ਆਲ ਇੰਡੀਆ ਜਵੈਲਰਜ਼ ਐਂਡ ਗੋਲਡਸਮਿੱਥ ਫੈਡਰੇਸ਼ਨ (ਏਆਈਜੇਐਫਐਫ) ਦੇ ਕੌਮੀ ਕਨਵੀਨਰ ਪੰਕਜ ਅਰੋੜਾ ਨੇ ਕਿਹਾ ਕਿ ਇਸ ਸਾਲ ਦੇਸ਼ ਭਰ ਦੇ ਗਹਿਣਿਆਂ ਦੇ ਵਪਾਰੀਆਂ ਨੂੰ ਅਕਸ਼ੈ ਤ੍ਰਿਤੀਆ ਦੇ ਚੰਗੇ ਕਾਰੋਬਾਰ ਦੀਆਂ ਵੱਡੀਆਂ ਉਮੀਦਾਂ ਸਨ ਪਰ ਉਨ੍ਹਾਂ ਦੀਆਂ ਉਮੀਦਾਂ ਬਾਜ਼ਾਰ ਬੰਦ ਹੋਣ ਕਾਰਨ ਧੋ ਗਈਆਂ ਹਨ ਤੇ ਅਜਿਹਾ ਲੱਗਦਾ ਹੈ ਕਿ ਕੱਲ੍ਹ ਦਾ ਅਕਸ਼ੈ ਤ੍ਰਿਤੀਆ ਅਤੇ ਈਦ ਦਾ ਦਿਨ ਸੋਨੇ ਦੇ ਵਪਾਰੀਆਂ ਲਈ ਕੋਈ ਖਾਸ ਵਪਾਰ ਨਹੀਂ ਹੋਵੇਗਾ।