ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਅਗਸਤ
ਦਿੱਲੀ ਦੇ ਇੱਕ ਮਸ਼ਹੂਰ ਰੈਸਤਰਾਂ ਵਿੱਚ ਖਾਣੇ ਵਿੱਚੋਂ ਕਿਰਲੀ ਨਿਕਲਣ ਦੀ ਵੀਡੀਓ ਸੋਸ਼ਲ ਮੀਡੀਆ ਉਪਰ ਵਾਇਰਲ ਹੋਣ ਮਗਰੋਂ ਦਿੱਲੀ ਪੁਲੀਸ ਨੇ ਉਸ ਨਾਮੀਂ ਰੇਸਤਰਾਂ ‘ਸਵਰਨ ਭਵਨ’ ਖ਼ਿਲਾਫ਼ ਕੇਸ ਦਰਜ ਕਰਕੇ ਸਾਂਭਰ ਤਿਆਰ ਕਰਨ ਵਾਲੇ ਵਿਅਕਤੀ, ਸਾਂਬਰ ਬਣਾਉਣ ਲਈ ਵਰਤੀਆਂ ਗਈਆਂ ਚੀਜ਼ਾਂ ਤੇ ਰੈਸਟੋਰੈਂਟ ਦਾ ਲਾਈਸੈਂਸ ਮੰਗਿਆ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਸਬੰਧੀ ਵਾਇਰਲ ਵੀਡੀਓ ਵਿੱਚ ਇਕ ਵਿਅਕਤੀ ਚਮਚੇ ਨਾਲ ਕਿਰਲੀ ਦਿਖਾਉਂਦਾ ਹੈ ਜੋ ਉਸ ਵੱਲੋਂ ਖਾਧੇ ਗਏ ਖਾਣੇ ਵਿੱਚੋਂ ਨਿਕਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪੰਕਜ ਨਾਂ ਦਾ ਵਿਅਕਤੀ ਰੈਸਤਰਾਂ ਦੇ ਅਮਲੇ ਵੱਲ ਚੀਕਦਾ ਦਿਖਾਈ ਦਿੰਦਾ ਹੈ ਤੇ ਉਹ ਖਾਣੇ ਵਿੱਚ ਮਰੀ ਹੋਈ ਕਿਰਲੀ ਵੱਲ ਇਸ਼ਾਰਾ ਕਰਦਾ ਹੈ। ਅੱਧੇ ਕੁ ਖਾਧੇ ਜਾ ਚੁੱਕੇ ਖਾਣੇ ਵਿੱਚੋਂ ਨਿਕਲੀ ਕਿਰਲੀ ਦੇ ਸਰੀਰ ਦਾ ਕਾਫੀ ਹਿੱਸਾ ਨਹੀਂ ਸੀ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਉਸ ਨੇ ਮਰੀ ਕਿਰਲੀ ਨਿਗਲੀ ਕਿ ਨਹੀਂ। ਪੰਕਜ ਆਪਣੇ ਸਾਥੀਆਂ ਨਾਲ ਦੱਖਣੀ ਭਾਰਤੀ ਖਾਣਿਆਂ ਲਈ ਮਸ਼ਹੂਰ ਉਪਰੋਕਤ ਰੇਸਤਰਾਂ ਵਿਖੇ ਖਾਣਾ ਖਾਣ ਗਏ ਸਨ। ਘਟਨਾ ਮਗਰੋਂ ਉਨ੍ਹਾਂ ਰੇਸਤਰਾਂ ਦੇ ਮੀਨੂੰ ਦੀਆਂ ਤਸਵੀਰਾਂ ਖਿੱਚੀਆਂ ਤੇ ਮਾਮਲਾ ਪੁਲੀਸ ਕੋਲ ਪੁੱਜਦਾ ਕੀਤਾ। ਸਵਰਨ ਭਵਨ ਰੇਸਤਰਾਂ ਇਕ ਕੌਮਾਂਤਰੀ ਲੜੀ ਹੈ ਜਿਸ ਦੀਆਂ ਦੁਨੀਆ ਭਰ ਦੀਆਂ ਦੁਕਾਨਾਂ ਹਨ।