ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਅਕਤੂਬਰ
ਕੌਮੀ ਰਾਜਧਾਨੀ ਵਿੱਚ ਅੱਜ ਹਵਾ ਦਾ ਮਿਆਰ ਖਾਸਾ ਖਰਾਬ ਰਿਹਾ ਜਿਸ ਕਾਰਨ ਹਵਾ ਗੁਣਵਤਾ ਕਮਿਸ਼ਨ (ਸੀਏਕਿਊਐਮ) ਵੱਲੋਂ ਦਿੱਲੀ ਵਿੱਚ ਪ੍ਰਦੂਸ਼ਣ ਦੇ ਵਧਦੇ ਅਸਰ ਨੂੰ ਠੱਲ੍ਹਣ ਲਈ ਅੱਜ ਕੁੱਝ ਪਾਬੰਦੀਆਂ ਲਾਈਆਂ ਗਈਆਂ ਹਨ ਜਿਨ੍ਹਾਂ ਵਿੱਚ ਕੁੱਝ ਉਸਾਰੀਆਂ ਤੇ ਸਨਅਤੀ ਸਰਗਰਮੀਆਂ ਵੀ ਸ਼ਾਮਲ ਹਨ। ਕਮਿਸ਼ਨ ਵੱਲੋਂ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ (ਜੀਆਰਏਪੀ) ਦੇ ਤੀਜੇ ਪੜਾਅ ਤਹਿਤ ਕੁੱਝ ਪਾਬੰਦੀਆਂ ਲਾਈਆਂ ਗਈਆਂ ਹਨ। ਦਿੱਲੀ ਵਿੱਚ ਹਵਾ ਸ਼ੁੱਧਤਾ ਅੰਕ ਗੰਭੀਰ ਹਾਲਤ (397) ਵਿੱਚ ਪਹੁੰਚ ਗਿਆ ਹੈ। ਅੱਜ ਸਵੇਰੇ ਦਿੱਲੀ-ਐਨਸੀਆਰ ਵਿੱਚ ਅਸਮਾਨ ਉਪਰ ਧੁੰਦ ਛਾਈ ਹੋਈ ਸੀ ਤੇ ਸ਼ਾਮ ਨੂੰ ਧੁੰਦ ਦੀ ਚਾਦਰ ਫਿਰ ਵਿਛ ਗਈ।
ਕਮਿਸ਼ਨ ਨੇ ਕੌਮੀ ਸੁਰੱਖਿਆ, ਰੱਖਿਆ, ਰੇਲਵੇ ਤੇ ਮੈਟਰੋ ਉਸਾਰੀ ਨਾਲ ਜੁੜੇ ਕਾਰਜਾਂ ਨੂੰ ਛੱਡ ਕੇ ਉਸਾਰੀ ਤੇ ਢਾਹੁਣ ਦੀਆਂ ਪਾਬੰਦੀਆਂ ਲਾ ਦਿੱਤੀਆਂ। ਜੇਕਰ ਹਾਲਤ ਹੋਰ ਵਿਗੜੇ ਤਾਂ ਐਨਸੀਆਰ ਵਿੱਚ ਬੀਐੱਸ-3 ਤੇ ਬੀਐੱਸ-4 ਮਾਪਦੰਡਾਂ ਵਾਲੀਆਂ ਚਾਰ ਪਹੀਆ ਗੱਡੀਆਂ ਉਪਰ ਵੀ ਪਾਬੰਦੀ ਲਾਈ ਜਾ ਸਕਦੀ ਹੈ। ਇਥੇ ਔਸਤ ਹਵਾ ਸ਼ੁੱਧਤਾ ਸੂਚਕ ਅੰਕ 397 ਸੀ ਜੋ ਜਨਵਰੀ ਮਗਰੋਂ ਸਭ ਤੋਂ ਖਰਾਬ ਹੈ। ਇਹ ਅੰਕੜੇ ਵੀਰਵਾਰ ਨੂੰ 354, ਬੁੱਧਵਾਰ ਨੂੰ 271, ਮੰਗਲਵਾਰ ਨੂੰ 302 ਤੇ ਸੋਮਵਾਰ ਨੂੰ 312 ਸੀ, ਉਸ ਦਿਨ ਦੀਵਾਲੀ ਵੀ ਸੀ।
ਇੱਟਾਂ ਦੇ ਭੱਠੇ, ਹਾਟ ਮਿਕਸ ਪਲਾਂਟ ਤੇ ਸਟੋਨ ਕਰੱਸ਼ਰ ਜੋ ਸਾਫ਼ ਈਂਧਨ ’ਤੇ ਕੰਮ ਨਹੀਂ ਕਰਦੇ ਤੇ ਐੱਨਸੀਆਰ ਵਿੱਚ ਮਾਈਨਿੰਗ ਅਤੇ ਸੰਬੰਧਿਤ ਸਰਗਰਮੀਆਂ ’ਤੇ ਵੀ ਪਾਬੰਦੀ ਲਗਾਈ ਗਈ ਹੈ। ਐਨਸੀਆਰ ਤੇ ਆਸ ਪਾਸ ਦੇ ਖੇਤਰਾਂ ਵਿੱਚ ਸੀਏਕਿਊਐਮ ਨੇ ਹਵਾ ਦੀ ਵਿਗੜਦੀ ਗੁਣਵੱਤਾ ਦੇ ਮੱਦੇਨਜ਼ਰ ਇੱਕ ਐਮਰਜੈਂਸੀ ਮੀਟਿੰਗ ਤੋਂ ਬਾਅਦ ਇਹ ਕਦਮ ਚੁੱਕੇ ਹਨ। ਉਨ੍ਹਾਂ ਜ਼ਰੂਰੀ ਪ੍ਰੋਜੈਕਟ ਜਿਵੇਂ ਕਿ ਰੇਲਵੇ, ਮੈਟਰੋ ਰੇਲ ਸੇਵਾਵਾਂ, ਹਵਾਈ ਅੱਡਿਆਂ ਅਤੇ ਅੰਤਰਰਾਜੀ ਬੱਸ ਟਰਮੀਨਲਾਂ ਦੇ ਅਧੀਨ, ਰਾਸ਼ਟਰੀ ਸੁਰੱਖਿਆ, ਰਾਸ਼ਟਰੀ ਮਹੱਤਵ ਦੇ ਰੱਖਿਆ ਨਾਲ ਸਬੰਧਤ ਪ੍ਰੋਜੈਕਟ, ਸਿਹਤ ਦੇਖਭਾਲ ਸਹੂਲਤਾਂ, ਜਨਤਕ ਪ੍ਰੋਜੈਕਟ ਜਿਵੇਂ ਕਿ ਹਾਈਵੇਅ, ਸੜਕਾਂ, ਫਲਾਈਓਵਰ, ਓਵਰ ਬ੍ਰਿਜ, ਪਾਵਰ ਟਰਾਂਸਮਿਸ਼ਨ, ਪਾਈਪਲਾਈਨਾਂ ਆਦਿ, ਸੀਵਰੇਜ ਟ੍ਰੀਟਮੈਂਟ ਪਲਾਂਟ ਤੇ ਵਾਟਰ ਸਪਲਾਈ ਪ੍ਰੋਜੈਕਟ ਆਦਿ ਉਪਰੋਕਤ ਸ਼੍ਰੇਣੀਆਂ ਦੇ ਪ੍ਰੋਜੈਕਟਾਂ ਲਈ ਛੋਟ ਦਿੱਤੀ ਹੈ।