ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਸਤੰਬਰ
ਬਰਤਾਨਵੀ ਰਾਜ ਦੌਰਾਨ ਸਾਰਾਗੜ੍ਹੀ ਦੀ ਲੜਾਈ ਵਿੱਚ ਸ਼ਹੀਦੀਆਂ ਪਾਉਣ ਵਾਲੇ ਸਿੱਖ ਫ਼ੌਜੀਆਂ ਦੀ ਕੁਰਬਾਨੀ ਨੂੰ ਕੌਮਾਂਤਰੀ ਪੱਧਰ ’ਤੇ ਸਾਹਮਣੇ ਲਿਆਉਣ ਲਈ ਯਤਨਸ਼ੀਲ ਡਾ. ਗੁਰਿੰਦਰਪਾਲ ਸਿੰਘ ਜੋਸਨ ਵੱਲੋਂ ਅੱਜ ਇੱਥੇ ਦਿੱਲੀ ਦੇ ਸਿੱਖ ਆਗੂਆਂ ਨਾਲ ਮੁਲਾਕਾਤ ਕੀਤੀ ਗਈ ਅਤੇ ਅਗਲੇ ਦਿਨਾਂ ਦੌਰਾਨ ਪੰਜਾਬ ਵਿੱਚ ਕੀਤੇ ਜਾ ਰਹੇ ਸਮਾਗਮਾਂ ਬਾਰੇ ਜਾਣਕਾਰੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਡਾ. ਗੁਰਿੰਦਰਪਾਲ ਸਿੰਘ ਜੋਸਨ ਵੱਲੋਂ ਸਾਰਾਗੜ੍ਹੀ ਫਾਊਂਡੇਸ਼ਨ ਰਾਹੀਂ ਉਕਤ ਉਪਰਾਲਾ ਕੀਤਾ ਜਾ ਰਿਹਾ ਹੈ ਜੋ ਕਿ ਖ਼ੁਦ ਸਿੱਖ ਇਤਿਹਾਸ ਬਾਰੇ ਖੋਜ ਕਰ ਚੁੱਕੇ ਹਨ। ਅਮਰੀਕਾ ਵਾਸੀ ਡਾ. ਜੋਸਨ ਵੱਲੋਂ ਅੱਜ ਰਾਜੌਰੀ ਗਾਰਡਨ ਸਿੰਘ ਸਭਾ ਦੇ ਮੁੜ ਪ੍ਰਧਾਨ ਬਣੇ ਹਰਮਨਜੀਤ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਫਾਊਂਡੇਸ਼ਨ ਬਾਰੇ ਦੱਸਿਆ। ਉਨ੍ਹਾਂ ਨਾਲ ਮੁਹਾਲੀ ਤੋਂ ਰਮਨੀਤ ਕੌਰ ਬਾਵਾ ਵੀ ਦਿੱਲੀ ਦੇ ਸਿੱਖ ਆਗੂਆਂ ਨੂੰ ਮਿਲੀ ਅਤੇ ਸਾਰਾਗੜ੍ਹੀ ਦੀ ਲੜਾਈ ਬਾਰੇ ਸੰਖੇਪ ਚਰਚਾ ਕੀਤੀ।
ਡਾ. ਜੋਸਨ ਵੱਲੋਂ ਦੱਸਿਆ ਗਿਆ ਕਿ ਸਾਰਾਗੜ੍ਹੀ ਦੇ ਯੁੱਧ ਦੌਰਾਨ ਉੱਥੋਂ ਸਿੱਖ ਫ਼ੌਜੀਆਂ ਵੱਲੋਂ ਦਿਖਾਈ ਗਈ ਬਹਾਦਰੀ ਬਾਰੇ ਤਤਕਾਲੀ ਬਰਤਾਨਵੀ ਸਰਕਾਰ ਤੇ ਮੋਰਚੇ ਉੱਪਰ ਤਾਇਨਾਤ ਉਕਤ ਫ਼ੌਜੀਆਂ ਦੀ ਹੋਈ ਗੱਲਬਾਤ ਦਾ ਰਿਕਾਰਡ ਪ੍ਰਾਪਤ ਕਰਨ ਵਿੱਚ ਉਹ ਸਫਲ ਰਹੇ ਹਨ। ਉਕਤ ਸੰਦੇਸ਼ਾਂ ਤੋਂ ਫ਼ੌਜੀ ਕਾਰਵਾਈ ਦੇ ਵੇਰਵੇ ਸਾਂਝੇ ਹੁੰਦੇ ਹਨ। ਉਨ੍ਹਾਂ ਹਰਮਨਜੀਤ ਸਿੰਘ ਤੇ ਸਾਥੀ ਸਿੱਖ ਆਗੂਆਂ ਨੂੰ ਪੁਸਤਕਾਂ ਵੀ ਭੇਟ ਕੀਤੀਆਂ।