ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਸਤੰਬਰ
ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਆਬਕਾਰੀ ਨੀਤੀ ਸਬੰਧੀ ਈਡੀ ਵੱਲੋਂ ਮਾਰੇ ਛਾਪਿਆਂ ’ਤੇ ਕੇਜਰੀਵਾਲ ਸਰਕਾਰ ’ਤੇ ਨਿਸ਼ਾਨੇ ਸੇਧੇ ਹਨ। ਉਨ੍ਹਾਂ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਤੇ ਕੇਜਰੀਵਾਲ ਨੂੰ ਦਰਦ ਮਹਿਸੂਸ ਹੋ ਰਿਹਾ ਹੈ ਕਿਉਂਕਿ ਜਿਹੜੇ ਸ਼ਰਾਬ ਮਾਫੀਆ ਦੇ ਪੈਸੇ ਨਾਲ ਕੇਜਰੀਵਾਲ ਨੇ ਪੰਜਾਬ, ਗੋਆ ਤੇ ਹੋਰ ਰਾਜਾਂ ਵਿੱਚ ਚੋਣਾਂ ਲੜੀਆਂ, ਅੱਜ ਉਹ ਸਾਰੇ ਕਾਨੂੰਨ ਦੇ ਸ਼ਿਕੰਜੇ ਵਿੱਚ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਘਰ ’ਤੇ ਈਡੀ ਦੇ ਛਾਪੇ ਦਰਸਾਉਂਦੇ ਹਨ ਕਿ ਕੇਜਰੀਵਾਲ ਨੇ ਦਿੱਲੀ ਦੇ ਖਜ਼ਾਨੇ ਨੂੰ ਲੁੱਟਣ ਲਈ ਭ੍ਰਿਸ਼ਟਾਚਾਰੀਆਂ ਦੀ ਪੂਰੀ ਫੌਜ ਖੜ੍ਹੀ ਕੀਤੀ ਸੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਐਂਡ ਕੰਪਨੀ ਆਪਣੇ ’ਤੇ ਲੱਗੇ ਦੋਸ਼ਾਂ ਅਤੇ ਮੁੱਖ ਮੁੱਦਿਆਂ ਨੂੰ ਮੋੜਨ ਲਈ ਦਿਨ-ਰਾਤ ਵੱਖ-ਵੱਖ ਬੇਬੁਨਿਆਦ ਗੱਲਾਂ ਕਰ ਰਹੀ ਹੈ। ਆਪਣੇ ਆਪ ਨੂੰ ਇਮਾਨਦਾਰ ਕਹਾਉਣ ਵਾਲਾ ਕੇਜਰੀਵਾਲ ਇੰਨਾ ਹੀ ਇਮਾਨਦਾਰ ਹੈ ਤਾਂ ਉਸ ਨੂੰ ਕਿਸ ਗੱਲ ਦਾ ਡਰ ਹੈ। ਈਡੀ ਨੂੰ ਆਪਣਾ ਕੰਮ ਕਰਨ ਦਿਓ। ਜੇਕਰ ਉਹ ਇਮਾਨਦਾਰ ਹਨ ਤਾਂ ਉਨ੍ਹਾਂ ਨੂੰ ਕੀ ਫ਼ਰਕ ਪੈਂਦਾ ਹੈ? ਉਨ੍ਹਾਂ ਕਿਹਾ ਕਿ ਸਤਿੰਦਰ ਜੈਨ ਦੇ ਸਮੇਂ ਵੀ ਕੇਜਰੀਵਾਲ ਉਨ੍ਹਾਂ ਦੇ ਬਚਾਅ ’ਚ ਪਦਮਸ਼੍ਰੀ ਦੇਣ ਦੀ ਗੱਲ ਕਰਦੇ ਸਨ ਪਰ ਅੱਜ ਉਨ੍ਹਾਂ ਦੀ ਪਦਮਸ਼੍ਰੀ ਦੀ ਸਥਿਤੀ ਸਭ ਦੇ ਸਾਹਮਣੇ ਹੈ ਤੇ ਜਲਦ ਹੀ ਉਨ੍ਹਾਂ ਦੇ ਕ੍ਰਾਂਤੀਕਾਰੀ ਮਨੀਸ਼ ਸਿਸੋਦੀਆ ਦਾ ਵੀ ਇਹੀ ਹਾਲ ਹੋਣ ਵਾਲਾ ਹੈ।
ਸ੍ਰੀ ਗੁਪਤਾ ਨੇ ਕਿਹਾ ਕਿ ਦਿੱਲੀ ਦੇ ਟੈਕਸ ਦਾਤਾਵਾਂ ਦਾ ਪੈਸਾ ਆਪਣੇ ਸ਼ਰਾਬ ਮਾਫੀਆ ਦੋਸਤਾਂ ਵਿੱਚ ਖੁੱਲ੍ਹੇਆਮ ਵੰਡ ਕੇ ਕੇਜਰੀਵਾਲ ਨੇ ਸਾਬਤ ਕਰ ਦਿੱਤਾ ਹੈ ਕਿ ਉਸ ਨੂੰ ਦਿੱਲੀ ਦੇ ਲੋਕਾਂ ਅਤੇ ਉਨ੍ਹਾਂ ਦੀ ਸਹੂਲਤ ਨਾਲ ਕੋਈ ਸਰੋਕਾਰ ਨਹੀਂ ਹੈ। ਸਗੋਂ ਆਪਣੀਆਂ ਸਿਆਸੀ ਲਾਲਸਾਵਾਂ ਵਿੱਚ ਹੀ ਡੁੱਬੇ ਹੋਏ ਹਨ। ਉਨ੍ਹਾਂ ਕਿਹਾ ਕਿ ਈਡੀ ਦੇ ਛਾਪਿਆਂ ਦਾ ਕਹਿਰ ਇਹ ਦਰਸਾਉਂਦਾ ਹੈ ਕਿ ਹੁਣ ਉਨ੍ਹਾਂ ਦੇ ਕਾਰਨਾਮਿਆਂ ਦੀਆਂ ਪਰਤਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ। ਇਸ ਲਈ ਹੁਣ ਉਨ੍ਹਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਹੈ। ਇਹ ਵੀ ਹਕੀਕਤ ਹੈ ਕਿ ਚੋਰ ਰੌਲਾ ਪਾਉਂਦਾ ਹੈ ਜਦੋਂ ਕਿ ਇਮਾਨਦਾਰ ਚੁੱਪ ਬੈਠਦਾ ਹੈ।