ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਫਰਵਰੀ
ਸੰਪਰਕ ਰਹਿਤ ਈ-ਟਿਕਟਿੰਗ ਐਪ ‘ਚਾਰਟਰ’ ਦੀ ਅਜ਼ਮਾਇਸ਼ ਦਾ ਅੰਤਮ ਪੜਾਅ ਸੋਮਵਾਰ ਤੋਂ ਦਿੱਲੀ ਇੰਟੈਗਰੇਟਡ ਮਲਟੀ-ਮਾਡਲ ਟ੍ਰਾਂਜ਼ਿਟ ਸਿਸਟਮ (ਡੀਆਈਐਮਟੀਐਸ) ਲਿਮਟਿਡ ਦੀਆਂ ਸਾਰੀਆਂ 2,990 ਬੱਸਾਂ ਵਿੱਚ ਸ਼ੁਰੂ ਹੋਵੇਗਾ। ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਸੰਪਰਕ ਰਹਿਤ ਈ-ਟਿਕਟਿੰਗ ਸੇਵਾਵਾਂ ਅਗਸਤ 2020 ਵਿੱਚ ਦਿੱਲੀ ਸਰਕਾਰ ਦੇ ਟਰਾਂਸਪੋਰਟ ਵਿਭਾਗ ਵੱਲੋਂ ਆਰੰਭ ਕੀਤੀਆਂ ਗਈਆਂ ਸਨ। ਦਿੱਲੀ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੇ ਇਸ ਦੇ ਆਖ਼ਰੀ ਪੜਾਅ ਲਈ ਪੂਰੀ ਤਰ੍ਹਾਂ ਤਿਆਰੀ ਕਰ ਲਈ ਹੈ। ਇਹ ਅੰਤਮ ਪੜਾਅ ਡਿੰਟਸ ਬੱਸਾਂ ਦੇ ਸਾਰੇ ਰੂਟਾਂ ਨੂੰ ਕਵਰ ਕਰੇਗਾ। ਫਰਵਰੀ ਦੇ ਅਖੀਰਲੇ ਹਫ਼ਤੇ ਸਾਰੀਆਂ 3760 ਡੀਟੀਸੀ ਬੱਸਾਂ ਵਿੱਚ ਇਸ ਐਪ ਦੀ ਪ੍ਰੀਖਿਆ 31 ਮਾਰਚ ਤੱਕ ਵਧਾ ਦਿੱਤੀ ਗਈ ਸੀ। ਇਹ ਮੋਬਾਈਲ ਈ-ਟਿਕਟਿੰਗ ਐਪ ਆਈਆਈਆਈਟੀ-ਦਿੱਲੀ ਦੇ ਤਕਨੀਕੀ ਸਹਾਇਤਾ ਨਾਲ ਤਿਆਰ ਕੀਤਾ ਗਿਆ ਹੈ। ਡੀਆਈਐਮਟੀਐਸ ਦੁਆਰਾ ਈ-ਟਿਕਟਿੰਗ ਪਿਛਲੇ ਸਾਲ ਅਗਸਤ ਵਿਚ ਰੂਟ ਨੰਬਰ 473 ਦੀਆਂ ਬੱਸਾਂ ਵਿਚ ਪੇਸ਼ ਕੀਤੀ ਗਈ ਸੀ।
ਡੀਟੀਸੀ ਵਿਚ ਇਸ ਆਨਲਾਈਨ ਟਿਕਟਿੰਗ ਐਪ ਦੀ ਟੈਸਟਿੰਗ ਪਿਛਲੇ ਸਾਲ ਸਤੰਬਰ ਵਿਚ ਗਾਜ਼ੀਪੁਰ ਤੇ ਹਸਨਪੁਰ ਡਿਪੂਆਂ ਦੇ ਰੂਟ 534 ’ਤੇ ਸ਼ੁਰੂ ਕੀਤੀ ਗਈ ਸੀ। ਦੋਵਾਂ ਡਿਪੂਆਂ ਤੋਂ ਕੁੱਲ 35 ਬੱਸਾਂ ਸ਼ੁਰੂ ਹੋਈਆਂ। ਇਨ੍ਹਾਂ ਡਿਪੂਆਂ ਦੀ ਸਫਲਤਾ ਤੋਂ ਬਾਅਦ ਸਾਰੇ ਡੀਟੀਸੀ ਡਿਪੂਆਂ ਵਿੱਚ ਪੜਾਅਵਾਰ ਈ-ਟਿਕਟਿੰਗ ਨੂੰ ਉਤਸ਼ਾਹਿਤ ਕੀਤਾ ਗਿਆ। ਵਰਤਮਾਨ ਵਿੱਚ ਈ-ਟਿਕਟਿੰਗ ਸੇਵਾ 31 ਮਾਰਚ ਤੱਕ ਸਾਰੀਆਂ ਡੀਟੀਸੀ ਬੱਸਾਂ ਵਿੱਚ ਟੈਸਟ ਕੀਤੀ ਜਾ ਰਹੀ ਹੈ। ਇਸ ਪੂਰੇ ਪਰੀਖਿਆ ਦੇ ਦੌਰਾਨ ਨਿਰੰਤਰ ਸਰਵੇਖਣ ਵੀ ਕੀਤਾ ਜਾਂਦਾ ਹੈ ਤਾਂ ਜੋ ਯਾਤਰੀਆਂ ਦੁਆਰਾ ਇਸ ਐਪ ਦੀ ਵਰਤੋਂ ਕਰਨ ਵਿੱਚ ਜੇਕਰ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਇਸ ਨੂੰ ਦੂਰ ਕੀਤਾ ਜਾਵੇ। ਇਸ ‘ਚਾਰਟਰ’ ਐਪ ਰਾਹੀਂ ਰੋਜ਼ਾਨਾ ਕੁੱਲ 10000 ਟਿਕਟਾਂ ਬੁੱਕ ਕੀਤੀਆਂ ਜਾ ਰਹੀਆਂ ਹਨ। ਜੇ ਦੇਖਿਆ ਜਾਵੇ ਤਾਂ ਪਿਛਲੇ 10 ਦਿਨਾਂ ਵਿਚ ਇਸ ਐਪ ਰਾਹੀਂ ਬੁੱਕ ਕੀਤੇ ਟਿਕਟਾਂ ਦੀ ਗਿਣਤੀ ਪ੍ਰਤੀ ਦਿਨ 10 ਫੀਸਦ ਵਧੀ ਹੈ। ਇਸ ਐਪ ਰਾਹੀਂ ਰੋਜ਼ਾਨਾ ਦੇ ਆਧਾਰ ‘ਤੇ ਬੁੱਕ ਕੀਤੀ ਕੁੱਲ ਟਿਕਟਾਂ ਦੀ ਪ੍ਰਤੀਸ਼ਤਤਾ 1.5 ਫ਼ੀਸਦ ਹੈ ਜੋ ਕਿ ਕੁਝ ਰੂਟਾਂ ‘ਤੇ ਵੱਧ ਕੇ 6 ਫ਼ੀਸਦ ਹੋ ਗਈ ਹੈ। ਬੁੱਕ ਕੀਤੀ ਗਈ ਕੁਲ ਟਿਕਟਾਂ ਵਿਚੋਂ 67 ਫੀਸਦ ਗੁਲਾਬੀ ਪਾਸ ਹਨ। ਇਸ ਐਪ ਵਿੱਚ ਅਜ਼ਮਾਇਸ਼ ਮਗਰੋਂ ਰੋਜ਼ਾਨਾ ਪਾਸ ਦੀ ਬੁਕਿੰਗ ਦੀ ਸਹੂਲਤ ਵੀ ਸ਼ਾਮਲ ਕੀਤੀ ਗਈ। ਐਪ ਦੀ ਵਰਤੋਂ ਕਰਦਿਆਂ ਹੁਣ ਤੱਕ ਲਗਭਗ 4 ਲੱਖ ਟਿਕਟਾਂ ਬੁੱਕ ਹੋ ਚੁੱਕੀਆਂ ਹਨ।