ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਜੂਨ
ਦਿੱਲੀ ਵਿਚ ਕੋਵਿਡ-19 ਦੇ ਮਰੀਜ਼ਾਂ ਦੀ ਮੌਤ ਦੇ ਮਾਮਲੇ ’ਚ ਰਾਜਨੀਤੀ ਗਰਮ ਹੈ। ਦਿੱਲੀ ਦੀਆਂ ਤਿੰਨਾਂ ਨਗਰ ਨਿਗਮਾਂ ਨੇ ਦਿੱਲੀ ਸਰਕਾਰ ਤੋਂ ਇਲਾਵਾ ਹੋਰ ਅੰਕੜੇ ਪੇਸ਼ ਕਰ ਕੇ ਵਿਵਾਦ ਨੂੰ ਹਵਾ ਦਿੱਤੀ ਹੈ।
ਉੱਤਰੀ ਦਿੱਲੀ ਨਗਰ ਨਿਗਮ ਦੀ ਸਥਾਈ ਕਮੇਟੀ ਦੇ ਚੇਅਰਮੈਨ ਜੈ ਪ੍ਰਕਾਸ਼ ਨੇ ਦਾਅਵਾ ਕੀਤਾ ਕਿ ਦਿੱਲੀ ਸਰਕਾਰ ਵੱਲੋਂ ਪੇਸ਼ ਕੀਤਾ ਕਰੋਨਾਵਾਇਰਸ ਨਾਲ ਮਰਨ ਵਾਲੇ ਲੋਕਾਂ ਦਾ ਅੰਕੜਾ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ 10 ਜੂਨ ਤੱਕ 2098 ਕਰੋਨਾ ਪੀੜਤਾਂ ਦੀਆਂ ਲਾਸ਼ਾਂ ਦਾ ਅੰਤਿਮ ਸੰਸਕਾਰ ਦਿੱਲੀ ਵਿੱਚ ਕੀਤਾ ਜਾ ਚੁੱਕਾ ਹੈ। ਦਿੱਲੀ ਸਰਕਾਰ ਅਨੁਸਾਰ 11 ਜੂਨ ਨੂੰ ਸਵੇਰੇ 8 ਵਜੇ ਤੱਕ ਸਿਰਫ 984 ਕੋਵਿਡ-19 ਮਰੀਜ਼ਾਂ ਦੀ ਮੌਤ ਹੋਈ ਹੈ। ਚੇਅਰਮੈਨ ਜੈ ਪ੍ਰਕਾਸ਼ ਨੇ ਕਿਹਾ ਕਿ ਮਾਰਚ ਤੋਂ 10 ਜੂਨ ਤੱਕ ਤਿੰਨਾਂ ਨਗਰ ਨਿਗਮਾਂ ਵਿੱਚ ਕਰੋਨਾ ਤੋਂ ਹੋਈ ਮੌਤ ਦੀ ਗਿਣਤੀ 2098 ਹੈ। ਜੈ ਪ੍ਰਕਾਸ਼ ਨੇ ਦੱਸਿਆ ਕਿ ਦਿੱਲੀ ਸਰਕਾਰ ਨੇ ਤਿੰਨ ਕਾਰਪੋਰੇਸ਼ਨਾਂ ਨੂੰ 16 ਮਈ ਨੂੰ ਨੋਟਿਸ ਦਿੱਤਾ ਸੀ ਕਿ ਸਰਕਾਰ ਤੇ ਨਿਗਮ ਦੇ ਅੰਕੜੇ ਵੱਖਰੇ ਹਨ। ਇਸ ’ਤੇ ਜਾਂਚ ਕੀਤੀ ਤੇ 17 ਮਈ ਨੂੰ ਸਰਕਾਰ ਨੂੰ ਜਵਾਬ ਦਿੱਤਾ ਫਿਰ ਵੀ 230 ਕਰੋਨਾ ਸਾਕਾਰਾਤਮਕ ਸਨ ਤੇ 100 ਸ਼ੱਕੀ ਸਨ ਤੇ ਉਦੋਂ ਵੀ ਕਾਰਪੋਰੇਸ਼ਨ ਦੇ ਅੰਕੜੇ ਦਿੱਲੀ ਸਰਕਾਰ ਦੇ ਅੰਕੜੇ ਨਾਲੋਂ ਦੁੱਗਣੇ ਸਨ। ਉਦੋਂ ਤੋਂ ਇਹ ਅੰਕੜਾ ਬਹੁਤ ਵੱਧ ਗਿਆ ਹੈ।
ਐੱਮਸੀਡੀ ਦੇ ਅੰਕੜਿਆਂ ’ਤੇ ਸਪੱਸ਼ਟੀਕਰਨ ਪੇਸ਼ ਕਰਦਿਆਂ ਦਿੱਲੀ ਸਰਕਾਰ ਨੇ ਕਰੋਨਾ ਕਾਰਨ ਹੋਈ ਮੌਤ ਦਾ ਜਾਇਜ਼ਾ ਲੈਣ ਲਈ ਸੀਨੀਅਰ ਡਾਕਟਰਾਂ ਦੀ ‘ਡੈਥ ਆਡਿਟ ਕਮੇਟੀ’ ਦਾ ਗਠਨ ਕੀਤਾ ਹੈ, ਜੋ ਨਿਰਪੱਖ ਕੰਮ ਕਰ ਰਹੀ ਹੈ। ਦਿੱਲੀ ਹਾਈ ਕੋਰਟ ਨੇ ਕਮੇਟੀ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਕਮੇਟੀ ਦੇ ਕੰਮ ਕਰਨ ’ਤੇ ਸਵਾਲ ਨਹੀਂ ਉਠਾਇਆ ਜਾ ਸਕਦਾ।