ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਫਰਵਰੀ
ਕੁੰਡਲੀ ਬਾਰਡਰ ’ਤੇ ਕਿਸਾਨ ਅੰਦੋਲਨ ਦੀ ਕਵਰੇਜ ਤੋਂ ਪਰਤ ਰਹੇ ਇੱਕ ਟੀਵੀ ਪੱਤਰਕਾਰ ਤੋਂ ਬੀਤੀ ਰਾਤ ਦੋ ਨੌਜਵਾਨ ਕਾਰ, ਮੋਬਾਈਲ ਅਤੇ ਹੋਰ ਸਾਮਾਨ ਲੁੱਟ ਕੇ ਦੋ ਨੌਜਵਾਨ ਫਰਾਰ ਹੋ ਗਏ।
ਰਾਮਦਰਬਾਰ ਫੇਜ਼ -2, ਚੰਡੀਗੜ੍ਹ ਦੇ ਵਸਨੀਕ ਮਨੋਜ ਰਾਠੀ ਨੇ ਕੁੰਡਲੀ ਥਾਣੇ ’ਚ ਦੱਸਿਆ ਕਿ ਬੀਤੇ ਦਿਨ ਸਵਿਫਟ ਡਿਜ਼ਾਇਰ ਕਾਰ ਵਿੱਚ ਕੈਮਰਾਮੈਨ ਸੰਜੇ ਕੁਮਾਰ ਅਤੇ ਡਰਾਈਵਰ ਸੋਨੂੰ ਆਰੀਆ ਨਾਲ ਕੁੰਡਲੀ ’ਚ ਕਿਸਾਨਾਂ ਦੀ ਪ੍ਰੈੱਸ ਕਾਨਫਰੰਸ ਲਈ ਕਵਰੇਜ ਕਰਨ ਆਇਆ ਸੀ। ਉਹ ਰਾਤ ਨੂੰ ਪ੍ਰੈੱਸ ਕਾਨਫਰੰਸ ਦੀ ਕਵਰੇਜ ਤੋਂ ਬਾਅਦ ਹੋਟਲ ਵਾਪਸ ਆ ਰਹੇ ਸੀ ਤਾਂ ਪਿੰਡ ਦੀ ਰਸੋਈ ਨੇੜੇ ਸਥਿਤੀ ਢਾਬੇ ਸਾਹਮਣੇ ਕੁਝ ਨੌਜਵਾਨਾਂ ਨੇ ਉਨ੍ਹਾਂ ਦੀ ਕਾਰ ਰੋਕ ਲਈ। ਨੌਜਵਾਨਾਂ ਨੇ ਉਨ੍ਹਾਂ ਨਾਲ ਦੁਰਵਿਹਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਾਰ ਦੀਆਂ ਚਾਬੀਆਂ ਖੋਹ ਲਈਆਂ। ਇਸ ਦੌਰਾਨ ਤੰਬੂ ਵਿਚ ਮੌਜੂਦ ਕੁਝ ਲੋਕ ਇਕੱਠੇ ਹੋ ਕੇ ਬਾਹਰ ਆ ਗਏ। ਉਹ ਉਸ ਨਾਲ ਤੇ ਕੈਮਰਾਮੈਨ ਨਾਲ ਗੱਲ ਕਰਦਿਆਂ ਉਨ੍ਹਾਂ ਨੂੰ ਤੰਬੂ ਅੰਦਰ ਲੈ ਗਏ। ਥੋੜ੍ਹੀ ਦੇਰ ਬਾਅਦ ਡਰਾਈਵਰ ਸੋਨੂੰ ਆਰੀਆ ਤੰਬੂ ਵਿੱਚ ਆਇਆ ਅਤੇ ਕਿਹਾ ਕਿ ਦੋ ਨੌਜਵਾਨ ਚਾਬੀ ਖੋਹ ਕੇ ਕਾਰ ਸਮੇਤ ਫਰਾਰ ਹੋ ਗਏ ਹਨ।
ਕਾਰ ਵਿਚ ਉਸ ਦੇ ਮੋਬਾਈਲ ਫੋਨ ਤੋਂ ਇਲਾਵਾ ਮਾਈਕ, ਚਾਰ ਕੈਮਰਾ ਬੈਟਰੀਆਂ, ਦੋ ਬੈਟਰੀ ਚਾਰਜਰ, ਫੋਨ ਦੀ ਬੈਟਰੀ, ਵਾਈ-ਫਾਈ ਅਤੇ ਹੋਰ ਚੀਜ਼ਾਂ ਸਨ। ਕੁੰਡਲੀ ਥਾਣੇ ਦੀ ਪੁਲੀਸ ਨੇ ਲੁੱਟਮਾਰ ਦਾ ਕੇਸ ਦਰਜ ਕੀਤਾ ਹੈ। ਥਾਣੇ ਦੇ ਇੰਚਾਰਜ ਰਵੀ ਕੁਮਾਰ ਅਤੇ ਸੀਆਈਏ -2 ਇੰਚਾਰਜ ਅਨਿਲ ਕੁਮਾਰ ਦੀ ਟੀਮ ਵੀ ਮੌਕੇ ’ਤੇ ਪਹੁੰਚੀ ਅਤੇ ਜਾਂਚ ਕੀਤੀ।