ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਮਈ
ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਕਿਸਾਨਾਂ ਦਾ ਜਥਾ ਸਿੰਘੂ ਬਾਰਡਰ ਪੁੱਜਾ ਅਤੇ ਮੋਰਚੇ ਵਿੱਚ ਡੱਟੇ ਕਿਸਾਨਾਂ ਲਈ ਨਗਰ ਹਿਯਾਤਪੁਰ ਅਤੇ ਬੁੱਡਾਬੜ, ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਲੋਕਾਂ ਨੇ ਸੈਂਕੜੇ ਪੇਟੀਆਂ ਪਾਣੀ ਦੀ ਸੇਵਾ ਕੀਤੀ। ਪਾਣੀ ਦੀ ਗੱਡੀ ਲੈ ਕੇ ਪੁੱਜੇ ਹਰਜੀਤ ਸਿੰਘ, ਰਘਬੀਰ ਸਿੰਘ, ਕਲਬੀਰ ਸਿੰਘ ਹੈਰੀ, ਗੁਰਪ੍ਰੀਤ ਸਿੰਘ ਸੋਨੂੰ, ਮਨਪ੍ਰੀਤ ਆਦਿ ਆਗੂਆਂ ਦਾ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਸਵਾਗਤ ਕੀਤਾ। ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਕੇ ਜਿਥੇ ਸੰਘਰਸ਼ੀ ਮੋਰਚਿਆਂ ਵਿੱਚ ਮਹੀਨਿਆਂ ਬੱਧੀ ਡਟੇ ਕਿਸਾਨਾਂ ਦਾ ਯੋਗਦਾਨ ਹੈ। ਉਥੇ ਇਨ੍ਹਾਂ ਮੋਰਚਿਆਂ ਵਿੱਚ ਲੰਗਰ ਦੀ ਸੇਵਾ ਕਰ ਰਹੇ ਅਤੇ ਰਸਦ, ਪਾਣੀ ਪੁੱਜਦਾ ਕਰ ਰਹੇ ਦਾਨੀ ਸੱਜਣਾਂ ਦਾ ਵੀ ਵੱਡਾ ਯੋਗਦਾਨ ਹੈ। ਉਨ੍ਹਾਂ ਪਾਣੀ ਲੈ ਕੇ ਆਏ ਦਾਨੀ ਸੱਜਣਾ ਦਾ ਵਿਸ਼ੇੇਸ਼ ਰੂਪ ਵਿੱਚ ਧੰਨਵਾਦ ਕੀਤਾ ਅਤੇ ਕਿਹਾ ਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕੱਲ ਹਜ਼ਾਰਾਂ ਕਿਸਾਨ ਮੋਰਚੇ ਵਿੱਚ ਪੁੱਜੇ ਹਨ। 12 ਮਈ ਨੂੰ ਜਮਹੂਰੀ ਕਿਸਾਨ ਸਭਾ ਦੀ ਅਗਵਾਈ ਹੇਠ ਸੈਂਕੜੇ ਕਿਸਾਨ ਸਿੰਘੂ ਬਾਰਡਰ ਪੁੱਜਣਗੇ। ਇਸ ਮੌਕੇ ਹੋਰਾਂ ਤੋਂ ਇਲਾਵਾ ਸੂਬਾ ਆਗੂ ਜਸਵਿੰਦਰ ਸਿੰਘ ਢੇਸੀ, ਨਿਰਮਲ ਸਿੰਘ ਆਧੀ, ਨੌਜਵਾਨ ਆਗੂ ਧਰਮਿੰਦਰ ਸਿੰਘ ਮੁਕੇਰੀਆਂ, ਕਲਵੰਤ ਸਿੰਘ ਮੱਲੂਨੰਗਲ ਆਦਿ ਆਗੂ ਹਾਜ਼ਰ ਸਨ।