ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਅਪਰੈਲ
ਦਿੱਲੀ ਸਿੱਖ ਗੁਰਦੁੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਪੰਜਾਬ ਤੋਂ ਦਿੱਲੀ ਪੁੱਜੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਤੇ ਕੇਂਦਰੀ ਗੁਰੂ ਸਿੰਘ ਸਭਾ (ਦਿੱਲੀ) ਦੇ ਪ੍ਰਧਾਨ ਤਰਵਿੰਦਰ ਸਿੰਘ ਮਾਰਵਾਹ ਨੇ ਬੇਅਦਬੀ ਕਾਂਡ ਦਾ ਮੁੱਦਾ ਇਨ੍ਹਾਂ ਚੋਣਾਂ ਦੌਰਾਨ ਉਠਾਉਣ ਦਾ ਇਸ਼ਾਰਾ ਕੀਤਾ ਸੀ। ਹੁਣ ਜਦੋਂ ਬੇਅਦਬੀ ਕਾਂਡ ਬਾਰੇ ਹਾਈ ਕੋਰਟ ਦਾ ਫ਼ੈਸਲਾ ਆ ਗਿਆ ਹੈ ਤਾਂ ਦਿੱਲੀ ਚੋਣਾਂ ਵਿੱਚ ਕੁੱਦੇ ਬਾਦਲ ਧੜੇ ਦੇ ਵਿਰੋਧੀ ਆਗੂਆਂ ਹੱਥੋਂ ਇਹ ਮੁੱਦਾ ਖਿਸਕ ਗਿਆ ਹੈ। ਭਾਈ ਰਣਜੀਤ ਸਿੰਘ ਨੇ ਆਪਣੇ ਧੜੇ ‘ਪੰਥਕ ਅਕਾਲੀ ਲਹਿਰ’ ਤੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਨਾਲ ਮਿਲ ਕੇ ਚੋਣਾਂ ਲੜਨ ਦੇ ਫ਼ੈਸਲੇ ਦੇ ਐਲਾਨ ਮੌਕੇ ਬਾਦਲ ਪਰਿਵਾਰ ਨੂੰ ਬੇਅਦਬੀ ਕਾਂਡ ਦੇ ਆਧਰ ’ਤੇ ਲੰਮੇਂ ਹੱਥੀਂ ਲਿਆ ਸੀ। ਦਿੱਲੀ ਕਮੇਟੀ ਦੇ ਜੰਗਪੁਰਾ ਤੋਂ ਮੌਜੂਦਾ ਦਿੱਲੀ ਸਿੱਖ ਗੁਰਦੁੁਆਰਾ ਪ੍ਰਬੰਧਕ ਕਮੇਟੀ ਮੈਂਬਰ ਤੇ ਸਾਬਕਾ ਕਾਂਗਰਸੀ ਵਿਧਾਇਕ ਤਰਵਿੰਦਰ ਸਿੰਘ ਮਾਰਵਾਹ ਨੇ ਵੀ ਸਰਨਾ ਧੜੇ ਦੇ ਦਫ਼ਤਰ ਵਿੱਚ ਹੀ ਬੇਅਦਬੀ ਕਾਂਡ ਦਾ ਭਰਵਾਂ ਜ਼ਿਕਰ ਕੀਤਾ ਸੀ ਤੇ ਕਿਹਾ ਸੀ ਕਿ ਕਮੇਟੀ ਚੋਣਾਂ ਦੌਰਾਨ ਬੇਅਦਬੀ ਮਾਮਲਾ ਉੱਠੇਗਾ।
ਹੁਣ ਪੰਜਾਬ ਦੀ ਕਾਂਗਰਸੀ ਸਰਕਾਰ ਸਮੇਂ ਹਾਈ ਕੋਰਟ ਦਾ ਜੋ ਫ਼ੈਸਲਾ ਆਇਆ ਹੈ, ਉਸ ਨਾਲ ਦਿੱਲੀ ਵਿੱਚ ਬਾਦਲ ਧੜੇ ਨੂੰ ਚੋਣਾਂ ਦੌਰਾਨ ਕੁਝ ਰਾਹਤ ਮਿਲੇਗੀ। ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕੈਪਟਨ ਸਰਕਾਰ ਦੇ ਧਾਰਮਿਕ ਸਲਾਹਕਾਰ ਵਜੋਂ ਵੀ ਖ਼ੁਦ ਨੂੰ ਕਦੇ ਪੇਸ਼ ਕੀਤਾ ਸੀ ਤੇ ਉਸੇ ਸਰਕਾਰ ਦੇ ਕਾਰਜਕਾਲ ਦੌਰਾਨ ਬਾਦਲਾਂ ਨੂੰ ਰਾਹਤ ਮਿਲਣ ਕਰ ਕੇ ਸਰਨਾ ਧੜੇ ਦੇ ਆਗੂਆਂ ਨੂੰ ਹੁਣ ਇਸ ਮੁੱਦੇ ਉਪਰ ਗੱਲ ਕਰਨੀ ਔਖੀ ਹੋ ਰਹੀ ਹੈ। ਪੰਜਾਬ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਤੇ ਰਵਨੀਤ ਬਿੱਟੂ ਵੀ ਸੂਬਾ ਸਰਕਾਰ ਨੂੰ ਲੰਮੇਂ ਹੱਥੀਂ ਲੈ ਚੁੱਕੇ ਹਨ।