ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 5 ਨਵੰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਚ ਪੱਧਰੀ ਵਫ਼ਦ ਨੇ ਅੱਜ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਪਾਕਿਸਤਾਨ ਸਰਕਾਰ ਵੱਲੋਂ ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਦਾ ਪ੍ਰਬੰਧ ਪ੍ਰਾਜੈਕਟ ਮੈਨੇਜਮੈਂਟ ਯੂਨਿਟ (ਪੀਐੱਮਯੂ) ਹਵਾਲੇ ਕਰਨ ਦਾ ਮਾਮਲਾ ਚੁੱਕਿਆ। ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਿਰਸਾ ਨੇ ਦੱਸਿਆ ਕਿ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਦੇ ਅਧੀਨ ਪੀਐੱਮਯੂ ਬਣਾ ਕੇ ਪਾਕਿਸਤਾਨ ਸਰਕਾਰ ਨੇ ਗੁਰਦੁਆਰੇ ਦਾ ਪ੍ਰਬੰਧ ਅਜਿਹੀ ਕਮੇਟੀ ਹਵਾਲੇ ਕੀਤਾ ਹੈ ਜੋ ਗੈਰ ਸਿੱਖ ਹੈ ਅਤੇ ਉਸ ਨੂੰ ਸਿੱਖ ਰਹਿਤ ਮਰਿਆਦਾ ਦੀ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਵਿਦੇਸ਼ ਮੰਤਰਾਲੇ ਦੇ ਜੁਆਇੰਟ ਸਕੱਤਰ ਤੇ ਪਾਕਿਸਤਾਨ ਡੈਸਕ ਦੇ ਇੰਚਾਰਜ ਜੇ ਪੀ ਸਿੰਘ ਨੂੰ ਦੱਸਿਆ ਕਿ ਧੱਕੇਸ਼ਾਹੀ, ਜਬਰ ਅਤੇ ਜ਼ੁਲਮ ਕਰ ਕੇ ਘੱਟ ਗਿਣਤੀਆਂ ਵਿਚ ਖੌਫ ਤੇ ਦਹਿਸ਼ਤ ਪੈਦਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਪ੍ਰਬੰਧ ਮਹਿੰਦਰਪਾਲ ਸਿੰਘ, ਗੋਪਾਲ ਚਾਵਲਾ, ਰਵੀ ਕੁਮਾਰ ਤੇ ਸਨੇਨਾਲਾ ਰੂਟ ਦੀ ਸ਼ਮੂਲੀਅਤ ਵਾਲੀ ਈਟੀਪੀਬੀ ਦੀ ਚਾਰ ਮੈਂਬਰੀ ਕਮੇਟੀ ਵੇਖਦੀ ਸੀ। ਫਿਰ ਉਨ੍ਹਾਂ ਨੂੰ ਬੋਰਡ ਵਿਚੋਂ ਬਾਹਰ ਕੀਤਾ ਗਿਆ ਤੇ ਹੁਣ ਗੈਰ ਸਿੱਖਾਂ ਨੂੰ ਗੁਰਦੁਆਰੇ ਦਾ ਪ੍ਰਬੰਧ ਸੌਂਪ ਦਿੱਤਾ ਹੈ। ਸਿਰਸਾ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਗੁਰਦੁਆਰਿਆਂ ਨੂੰ ਬਿਜ਼ਨਸ ਮਾਡਲ ਦੱਸ ਰਹੀ ਹੈ ਜੋ ਬਿਲਕੁਲ ਗਲਤ ਤੇ ਤਰਕ ਵਿਹੂਣੀ ਗੱਲ ਹੈ। ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਤਜਵੀਜ਼ਸ਼ੁਦਾ ਪ੍ਰਾਜੈਕਟ ਮੈਨੇਜਮੈਂਟ ਕਮੇਟੀ ਵਿਚ ਕੋਈ ਵੀ ਸਿੱਖ ਮੈਂਬਰ ਨਹੀਂ ਹੈ ਅਤੇ ਇਸ ਦਾ ਮੁਖੀ ਤਾਰਿਕ ਖ਼ਾਨ ਨੂੰ ਥਾਪ ਕੇ 8 ਹੋਰ ਮੈਂਬਰ ਨਾਮਜ਼ਦ ਕੀਤੇ ਗਏ ਹਨ ਜੋ ਸਾਰੇ ਹੀ ਗੈਰ ਸਿੱਖ ਹਨ। ਉਨ੍ਹਾਂ ਮੰਤਰਾਲੇ ਨੂੰ ਅਪੀਲ ਕੀਤੀ ਕਿ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਖਿਆਲ ਰੱਖਦਿਆਂ ਇਹ ਮਾਮਲਾ ਤੁਰੰਤ ਪਾਕਿਸਤਾਨ ਸਰਕਾਰ ਕੋਲ ਚੁੱਕਿਆ ਜਾਵੇ। ਇਸ ਮੌਕੇ ਹਰਮੀਤ ਸਿੰਘ ਕਾਲਕਾ, ਰਣਜੀਤ ਕੌਰ, ਹਰਵਿੰਦਰ ਸਿੰਘ ਕੇਪੀ ਅਤੇ ਪਰਮਜੀਤ ਸਿੰਘ ਚੰਢੋਕ ਵੀ ਹਾਜ਼ਰ ਸਨ।
ਗੁਰੂ ਤੇਗ ਬਹਾਦਰ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਵਿਉਂਤਬੰਦੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਪ੍ਰਕਾਸ਼ ਪੁਰਬ ਵੱਡੀ ਪੱਧਰ ’ਤੇ ਮਨਾਉਣ ਲਈ ਬਣਾਈ ਗਈ 101 ਮੈਂਬਰੀ ਕਮੇਟੀ ਦੀ ਮੀਟਿੰਗ ਇਥੇ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿੱਚ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਤੇ ਕਮੇਟੀ ਦੇ ਚੇਅਰਮੈਨ ਅਵਤਾਰ ਸਿੰਘ ਦੀ ਅਗਵਾਈ ਹੇਠ ਹੋਈ। ਮੀਟਿੰਗ ਮਗਰੋਂ ਸ੍ਰੀ ਸਿਰਸਾ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਇਹ ਚਰਚਾ ਕੀਤੀ ਗਈ ਕਿ ਗੁਰੂ ਤੇਗ ਬਹਾਦਰ ਦਾ 400 ਸਾਲਾ ਪ੍ਰਕਾਸ਼ ਪੁਰਬ ਇਸ ਤਰੀਕੇ ਨਾਲ ਮਨਾਇਆ ਜਾਵੇ ਕਿ ਇਹ ਯਾਦਗਾਰੀ ਸਮਾਗਮ ਬਣ ਜਾਣ। ਇਸ ਵਿੱਚ ਚਰਚਾ ਕੀਤੀ ਗਈ ਕਿ ਸਰਕਾਰਾਂ ਕੋਲੋਂ ਕਿਵੇਂ ਪ੍ਰਵਾਨਗੀਆਂ ਲਈਆਂ ਜਾਣ। ਮੀਟਿੰਗ ਵਿੱਚ ਭਾਈ ਚਮਨਜੀਤ ਸਿੰਘ ਨੇ ਆਖਿਆ ਕਿ ਇਹ ਸ਼ਤਾਬਦੀ ਪ੍ਰੋਗਰਾਮ ਸਿਰਫ ਗੁਰਦੁਆਰਾ ਸਾਹਿਬਾਨ ਦੇ ਅੰਦਰ ਹੀ ਨਹੀਂ ਬਲਕਿ ਬਾਹਰ ਵੀ ਮਨਾਏ ਜਾਣੇ ਚਾਹੀਦੇ ਹਨ ਤੇ ਗੁਰੂ ਗੋਬਿੰਦ ਸਿੰਘ ਦੇ 300 ਸਾਲਾ ਪ੍ਰਕਾਸ਼ ਪੁਰਬ ਵਾਂਗ ਇਸ ਪ੍ਰਕਾਸ਼ ਪੁਰਬ ਲਈ ਵੀ ਇਕ ਸ਼ਬਦ ਐਸਾ ਤਿਆਰ ਕੀਤਾ ਜਾਣਾ ਚਾਹੀਦਾ ਹੈ ਜੋ ਬੱਚੇ-ਬੱਚੇ ਦੀ ਜ਼ੁਬਾਨ ਤੱਕ ਪਹੰੁਚ ਕਰੇ, ਛੋਟੇ ਛੋਟੇ ਨਾਟਕਾਂ ਰਾਹੀਂ ਵੱਧ ਤੋਂ ਵੱਧ ਸੰਗਤ ਗੁਰੂ ਸਾਹਿਬ ਦੇ ਇਤਿਹਾਸ ਤੋਂ ਜਾਣੂ ਹੋ ਸਕੇ। ਸ੍ਰੀ ਸਿਰਸਾ ਨੇ ਦੱਸਿਆ ਕਿ ਸ਼ਤਾਬਦੀ ਸਮਾਗਮਾਂ ਦਾ ਆਗਾਜ਼ ਸ੍ਰੀ ਆਖੰਡ ਪਾਠ ਸਾਹਿਬ ਤੋਂ ਹੋਵੇਗਾ ਜੋ 6 ਨਵੰਬਰ ਨੂੰ ਰੱਖਿਆ ਜਾਵੇਗਾ ਜਿਸਦੀ ਸਮਾਪਤੀ 8 ਨਵੰਬਰ ਨੂੰ ਹੋਵੇਗੀ। ਇਸ ਪ੍ਰੋਗਰਾਮ ਵਿਚ ਭਾਈ ਚਮਨਜੀਤ ਸਿੰਘ ਗੁਰੂ ਕੀ ਇਲਾਹੀ ਬਾਣੀ ਦਾ ਕੀਰਤਨ ਕਰਨਗੇ। ਇਥੋਂ ਹੀ ਸ਼ਤਾਬਦੀ ਪ੍ਰੋਗਰਾਮਾਂ ਦਾ ਆਗਾਜ਼ ਹੋਵੇਗਾ। ਇਸ ਮੀਟਿੰਗ ਵਿਚ ਦਿੱਲੀ ਤੋਂ ਉਚ ਕੋਟੀ ਦੇ ਰਾਗੀ ਸਿੰਘ, ਸਿੱਖ ਬੁੱਧੀਜੀਵੀ ਤੇ ਵੱਖ ਵੱਖ ਵਰਗਾਂ ਦੇ ਪ੍ਰਤੀਨਿਧ ਵੱਡੀ ਗਿਣਤੀ ਵਿਚ ਹਾਜ਼ਰ ਹੋਏ।