ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਫਰਵਰੀ
ਗੁਰਦੁਆਰਾ ਰਕਾਬ ਗੰਜ ਸਾਹਿਬ ਵਿੱਚ ਸਥਾਪਤ ਕੀਤੇ ਗਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਹੱਤਵਪੂਰਨ ਪ੍ਰਾਜੈਕਟ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟੱਡੀਜ਼ ਨੂੰ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਜਲਦ ਹੀ ਸਮਰਪਿਤ ਕੀਤਾ ਜਾਵੇਗਾ। ਇਸ ਮਗਰੋਂ ਦੁਨੀਆਂ ਭਰ ਦੇ ਵਿਦਵਾਨ ਅਤੇ ਵਿਦਿਆਰਥੀ ਇਥੇ ਆ ਕੇ ਗੁਰੂ ਗ੍ਰੰਥ ਸਾਹਿਬ ਅਤੇ ਸਿੱਖੀ ’ਤੇ ਆਧਾਰਿਤ ਆਪਣੀ ਰਿਸਰਚ ਕਰ ਸਕਣਗੇ। ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਗੁਰਦੁਆਰਾ ਰਕਾਬ ਗੰਜ ਸਾਹਿਬ ਕੰਪਲੈਕਸ ’ਚ ਸਥਿਤ ਇਸ ਸੈਂਟਰ ਦਾ ਟੀਚਾ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਧਰਮ ਸਬੰਧੀ ਗਿਆਨ ਅਤੇ ਜਾਗਰੂਕਤਾ ਸਿੱਖ ਵਿਦਿਆਰਥੀਆਂ ਤੋਂ ਇਲਾਵਾ ਸੰਸਾਰ ਦੇ ਹੋਰਨਾਂ ਧਰਮਾਂ ਦੇ ਲੋਕਾਂ ਨੂੰ ਆਸਾਨੀ ਨਾਲ ਇਕੋ ਥਾਂ ’ਤੇ ਪ੍ਰਦਾਨ ਕਰਨਾ ਹੈ । ਸੈਂਟਰ ਵੱਲੋਂ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਉੱਚ ਤਕਨੀਕ ਅਤੇ ਕੰਪਿਊਟਰੀਕ੍ਰਿਤ ਮਾਧਿਅਮ ਨਾਲ ਵਿਸ਼ਵ-ਪੱਧਰ ਤਕ ਪਹੁੰਚਾਇਆ ਜਾਵੇਗਾ । ਸੈਂਟਰ ਦੁਨੀਆਂ ਭਰ ਦੇ ਰਿਸਰਚ ਇੰਸਟੀਚਿਊਟ ਅਤੇ ਯੂਨੀਵਰਸਿਟੀ’ਜ਼ ਦੇ ਸਹਿਯੋਗ ਨਾਲ ਵਿਦਵਾਨਾਂ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਰਿਸਰਚ ’ਚ ਸਹਿਯੋਗ ਦੇਵੇਗਾ। ਇਥੇ ਕੌਮੀ ਅਤੇ ਅੰਤਰਰਾਸ਼ਟਰੀ ਸੈਮੀਨਾਰ ਹੋਣਗੇ ਤੇ ਸਾਰੀਆਂ ਸਹੂਲਤਾਂ ਮੁਫ਼ਤ ਪ੍ਰਦਾਨ ਕੀਤੀ ਜਾਣਗੀਆਂ । ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਇਹ ਸੈਂਟਰ ਛੇਤੀ ਹੀ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਦਾ ਅੰਤਰਰਾਸ਼ਟਰੀ ਕੇਂਦਰ ਬਣ ਜਾਵੇਗਾ । ਸੈਂਟਰ ’ਚ 150 ਵਿਅਕਤੀਆਂ ਦੇ ਬੈਠਣ ਦੀ ਸਮਰਥਾ ਵਾਲਾ ਉੱਚ-ਤਕਨੀਕੀ ਹੋਲੋਗ੍ਰਾਫਿਕ ਆਡੀਟੋਰੀਅਮ, ਕਲਾ ਪ੍ਰਦਰਸ਼ਨ, ਡਿਜੀਟਲ ਰਿਸਰਚ ਲਾਇਬ੍ਰੇਰੀ, ਮਿਊਜ਼ੀਅਮ ਆਦਿ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਸੈਂਟਰ ’ਚ ਸਿੱਖ ਇਤਿਹਾਸ ਅਤੇ ਸਿੱਖ ਧਰਮ ਦੀ ਪਵਿੱਤਰ ਬਾਣੀ ਨੂੰ ਅੰਗਰੇਜ਼ੀ, ਪੰਜਾਬੀ, ਹਿੰਦੀ ਅਤੇ ਵਿਸ਼ਵ ਦੀਆਂ ਹੋਰਨਾਂ ਭਾਸ਼ਾਵਾਂ ਦੇ ਸਹਿਯੋਗ ਨਾਲ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਸ੍ਰੀ ਕਾਲਕਾ ਨੇ ਦੱਸਿਆ ਕਿ ਸੈਂਟਰ ਦਾ ਟੀਚਾ ਦੁਨੀਆਂ ਭਰ ਦੇ ਨੌਜਵਾਨ ਸਿੱਖਾਂ ਨੂੰ ਸਿੱਖੀ ਦੇ ਮੁੱਲਾਂ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਦੇਣਾ ਹੈ। ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵੱਲੋਂ ਸੰਗਤ ਦੀ ਸੇਵਾ ਵਿੱਚ ਸਮਰਪਿਤ ਹੋਣ ਜਾ ਰਹੇ ਇਸ ਸੈਂਟਰ ਦੇ ਨਿਰਮਾਣ ਵਿੱਚ ਵਰਲਡ ਸਿੱਖ ਆਰਗਨਾਈਜੇਸ਼ਨ ਦੇ ਪ੍ਰਧਾਨ ਪਦਮਸ੍ਰੀ ਵਿਕਰਮਜੀਤ ਸਿੰਘ ਸਾਹਨੀ ਨੇ ਵੱਡਮੁੱਲਾ ਯੋਗਦਾਨ ਪਾਇਆ ਹੈ । ਜ਼ਿਕਰਯੋਗ ਹੈ ਕਿ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਪਦਮਸ੍ਰੀ ਤਰਲੋਚਨ ਸਿੰਘ ਇਸ ਸੈਂਟਰ ਦੇ ਨਿਰਮਾਣ ’ਚ ਬਤੌਰ ਚੇਅਰਮੈਨ ਲੰਮੇ ਸਮੇਂ ਤੋਂ ਨਿਸ਼ਕਾਮ ਸੇਵਾ ਨਿਭਾ ਰਹੇ ਹਨ ।