ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਅਗਸਤ
ਬਾਹਰੀ ਦਿੱਲੀ ਦੇ ਨਰੇਲਾ ‘ਚ ਝਗੜੇ ਤੋਂ ਬਾਅਦ ਇਕ ਵਿਅਕਤੀ ਨੇ ਜੋੜੇ ਨੂੰ ਚਾਕੂ ਮਾਰ ਦਿੱਤਾ ਅਤੇ ਉਸ ਤੋਂ ਬਾਅਦ ਜ਼ਹਿਰ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਦਿੱਲੀ ਪੁਲੀਸ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਦੇਰ ਰਾਤ ਵਾਪਰੀ। ਕਿਸੇ ਗੱਲ ਨੂੰ ਲੈ ਕੇ ਪਤੀ-ਪਤਨੀ ਅਤੇ ਉਨ੍ਹਾਂ ਦੇ ਗੁਆਂਢੀ ਵਿਚ ਝਗੜਾ ਹੋ ਗਿਆ, ਜਿਸ ਤੋਂ ਬਾਅਦ 50 ਸਾਲਾ ਮੁਲਜ਼ਮ ਨੇ ਪਤੀ-ਪਤਨੀ ’ਤੇ ਚਾਕੂ ਨਾਲ ਵਾਰ ਕਰ ਦਿੱਤਾ। ਬਾਅਦ ਵਿੱਚ ਉਹ ਉਸ ਦੇ ਘਰ ਗਿਆ ਉਸ ਨੇ ਆਪਣੇ ਲਹੂ ਦੇ ਦਾਗ ਵਾਲੇ ਕੱਪੜੇ ਬਦਲੇ ਤੇ ਫਿਰ ਕਥਿਤ ਤੌਰ ’ਤੇ ਜ਼ਹਿਰ ਖਾਧਾ। ਪੁਲੀਸ ਨੇ ਦੱਸਿਆ ਕਿ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਦੋ ਬੱਚੇ ਸਨ, ਜਿਨ੍ਹਾਂ ਦੀ ਹੁਣ ਦੂਜੇ ਗੁਆਂਢੀ ਵੱਲੋਂ ਦੇਖਭਾਲ ਕੀਤੀ ਜਾ ਰਹੀ ਹੈ। ਪੜਤਾਲ ਤੋਂ ਪਤਾ ਲੱਗਿਆ ਕਿ ਮੁਲਜ਼ਮ ਪਿਛਲੇ ਦਿਨੀਂ ਜੋੜੇ ਤੇ ਹੋਰ ਗੁਆਂਢੀਆਂ ਨਾਲ ਲੜਦਾ ਸੀ। ਮੁਲਜ਼ਮ ਦੀ ਜਵਾਨ ਧੀ ਸੀ। ਧੀ ਕਾਰਨ ਮੁਲਜ਼ਮ ਕਈ ਵਾਰ ਗੁਆਂਢੀਆਂ ਨਾਲ ਲੜ ਚੁੱਕਿਆ ਸੀ। ਅਧਿਕਾਰੀ ਨੇ ਕਿਹਾ ਕਿ ਝਗੜੇ ਦੇ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਕਤਲ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਪੁਲਿਸ (ਬਾਹਰੀ ਉੱਤਰ) ਗੌਰਵ ਸ਼ਰਮਾ ਨੇ ਕਿਹਾ ਕਿ ਕਰੀਬ 2 ਵਜੇ ਦੇ ਨੇੜੇ ਕਤਲ ਦੇ ਸਬੰਧ ਵਿੱਚ ਪੀਸੀਆਰ ਕਾਲ ਮਿਲੀ। ਮੌਕੇ ’ਤੇ ਪਹੁੰਚਣ ’ਤੇ ਔਰਤ ਅਤੇ ਉਸ ਦੇ ਪਤੀ ਦੀ ਲਾਸ਼ ਪਈ ਮਿਲੀ ਤੇ ਮੁਲਜ਼ਮ ਮੁਹੰਮਦ ਮੁਸ਼ਤਾਕ ਨੇ ਜੋੜੇ ਨੂੰ ਮਾਰਨ ਤੋਂ ਬਾਅਦ ਜ਼ਹਿਰ ਖਾ ਲਿਆ । ਉਨ੍ਹਾਂ ਕਿਹਾ ਕਿ ਚਾਕੂ ਬਰਾਮਦ ਕਰ ਲਿਆ ਗਿਆ ਹੈ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਕਿਹਾ ਕਿ ਮੁਲਜ਼ਮ (ਜਿਸ ਨੇ ਟੀਮ ਦੇ ਪਹੁੰਚਣ ਤੋਂ ਪਹਿਲਾਂ ਜ਼ਹਿਰ ਖਾ ਲਿਆ ਸੀ) ਛੱਤ ਉੱਤੇ ਗਿਆ ਤੇ ਲੁਕ ਗਿਆ। ਇਕ ਗੁਆਂਢੀ ਨੇ ਉਸ ਬਾਰੇ ਸਾਨੂੰ ਚਿਤਾਵਨੀ ਦਿੱਤੀ ਤੇ ਉਹ ਫੜਿਆ ਗਿਆ। ਫੜੇ ਜਾਣ ਤੋਂ ਬਾਅਦ ਮੁਲਜ਼ਮ ਨੇ ਜੋੜੇ ਦੀ ਹੱਤਿਆ ਕਰਨ ਦਾ ਇਕਬਾਲ ਕੀਤਾ ਸੀ।
ਲੁੱਟ ਦੀ ਵਾਰਦਾਤ ਦੌਰਾਨ ਇਕ ਮੌਤ, ਇਕ ਜ਼ਖ਼ਮੀ
ਨਵੀਂ ਦਿੱਲੀ (ਪੱਤਰ ਪ੍ਰੇਰਕ):ਤਿਲਕ ਨਗਰ ਇਲਾਕੇ ਵਿੱਚ ਰਾਹ ਵਿੱਚ ਲੁੱਟ ਦੀ ਵਾਰਦਾਤ ਦੌਰਾਨ ਇਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਜਦੋਂ ਕਿ ਦੂਜਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ। ਇਹ ਦੋੋਵੇਂ ਆਪਣੇ ਕੰਮ ਤੋਂ ਘਰ ਪਰਤ ਰਹੇ ਸਨ ਕਿ ਰਾਹ ਵਿੱਚ ਵਾਰਦਾਤ ਹੋ ਗਈ। ਰੰਜਨ ਨਾਂ ਦੇ 25 ਸਾਲਾ ਵਿਅਕਤੀ ਦੇ ਸੱਜੇ ਪੱਟ ਉਪਰ ਡੂੰਘੀ ਸੱਟ ਲੱਗੀ ਹੋਈ ਸੀ ਤੇ ਜਦੋਂ ਉਸ ਨੂੰ ਡੀਡੀਯੂ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਤਾਂ ਉਸ ਨੂੰ ਮਰਿਆ ਲਿਆਂਦਾ ਕਰਾਰ ਦਿੱਤਾ ਗਿਆ। ਉਸ ਦੇ ਸਾਥੀ 26 ਸਾਲਾ ਧੀਰਜ ਦੇ ਖੱਬੇ ਪੱਟ ਉਪਰ ਸੱਟ ਲੱਗੀ ਸੀ ਤੇ ਉਹ ਆਈਸੀਯੂ ਵਿੱਚ ਦਾਖ਼ਲ ਕੀਤਾ ਗਿਆ। ਉਹ ਬੀਤੀ ਰਾਤ ਕੰਮ ਤੋਂ ਘਰ ਨੂੰ ਸਕੂਟਰ ਉਪਰ ਜਾ ਰਹੇ ਹਨ ਕਿ ਰਾਹ ਵਿੱਚ ਇਕ ਮੋਟਰਸਾਈਕਲ ਉਪਰ ਸਵਾਰ 3 ਵਿਅਕਤੀਆਂ ਨੇ ਬਲਾਕ-24 ਦੇ ਪਾਰਕ ਨੇੜੇ ਉਨ੍ਹਾਂ ’ਤੇ ਕਥਿਤ ਹਮਲਾ ਕਰ ਦਿੱਤਾ। ਉਨ੍ਹਾਂ ਲੈੱਪਟੌਪ, ਮੋਬਾਈਲ ਫੋਨ ਤੇ ਜੋ ਵੀ ਦੋਵਾਂ ਕੋਲ ਨਕਦੀ ਸੀ ਲੁੱਟ ਲਈ ਤੇ ਇਸੇ ਦੌਰਾਨ ਦੋਨਾਂ ਨੂੰ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਦਾ ਸਕੂਟਰ ਦਿੱਲੀ ਪੁਲੀਸ ਨੇ ਬਰਾਮਦ ਕਰ ਲਿਆ ਹੈ ਤੇ ਮੁਲਜ਼ਮਾਂ ਦੀ ਭਾਲ ਲਈ ਸੀਸੀਟੀਵੀ ਕੈਮਰਿਆਂ ਦੀ ਮਦਦ ਲਈ ਜਾ ਰਹੀ ਸੀ। ਪੁਲੀਸ ਮੁਤਾਬਕ ਮੁੱਢਲੇ ਤੌਰ ਉਪਰ ਇਹ ਲੁੱਟ ਦਾ ਮਾਮਲਾ ਜਾਪਦਾ ਹੈ।