ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਜੁਲਾਈ
ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਸਰਕਾਰੀ ਹਸਪਤਾਲਾਂ ਵਿੱਚ 128 ਅਹੁਦਿਆਂ ਨੂੰ ਸਥਾਈ ਅਹੁਦਿਆਂ ਵਿੱਚ ਤਬਦੀਲ ਕਰਨ ਲਈ ਪ੍ਰਵਾਨਗੀ ਦੇ ਦਿੱਤੀ ਹੈ। ਇਕ ਪ੍ਰੈਸ ਬਿਆਨ ਰਾਹੀਂ ਉਨ੍ਹਾਂ ਕਿਹਾ ਕਿ ਡਾਕਟਰ ਦਿਵਸ ਮੌਕੇ ਡਾਕਟਰਾਂ ਦੇ ਪੇਸ਼ ਲਈ ਉਨ੍ਹਾਂ ਦਾ ਧੰਨਵਾਦ ਕਰਨ ਦਾ ਇਹ ਤਰੀਕਾ ਸਭ ਤੋਂ ਬਿਹਤਰ ਹੈ। ਜ਼ਿਕਰਯੋਗ ਹੈ ਕਿ ਡਾਕਟਰ ਦਿਵਸ ਪ੍ਰਸਿੱਧ ਡਾਕਟਰ ਤੇ ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਬਿਧਨ ਚੰਦਰ ਰਾਏ ਦੇ ਸਨਮਾਨ ਵਿੱਚ ਮਨਾਇਆ ਜਾਂਦਾ ਹੈ ਜਿਨ੍ਹਾਂ ਦੀ ਜਨਮ ਸ਼ਤਾਬਦੀ ਅਤੇ ਬਰਸੀ ਦੀ ਤਰੀਕ ਪਹਿਲੀ ਜੁਲਾਈ ਹੁੰਦੀ ਹੈ। ਉਪ ਰਾਜਪਾਲ ਨੇ ਡਾਕਟਰਾਂ ਪ੍ਰਤੀ ਆਪਣਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਇਸ ਪੇਸ਼ੇ ਲਈ ਸਭ ਤੋਂ ਢੁਕਵੀਂ ਸ਼ਰਧਾਂਜਲੀ ਭਾਈਚਾਰੇ ਨੂੰ ਸਰਵੋਤਮ ਸੰਭਵ ਸੇਵਾ ਸਥਿਤੀਆਂ, ਕੰਮ ਦਾ ਮਾਹੌਲ ਤੇ ਪੇਸ਼ੇਵਰ ਸੁਰੱਖਿਆ ਦੇਣਾ ਹੈ। ਉਪ ਰਾਜਪਾਲ ਨੇ ਪਹਿਲਾਂ ਦਵਾਰਕਾ ਦੇ ਇੰਦਰਾ ਗਾਂਧੀ ਹਸਪਤਾਲ ਲਈ ਵੱਖ-ਵੱਖ ਸ਼੍ਰੇਣੀਆਂ ਅਧੀਨ 918 ਅਸਾਮੀਆਂ ਨੂੰ ਮਨਜ਼ੂਰੀ ਦਿੱਤੀ ਸੀ। ਵੀਰਵਾਰ ਨੂੰ ਸਕਸੈਨਾ ਨੇ 128 ਅਸਥਾਈ ਅਸਾਮੀਆਂ ਨੂੰ ਸਥਾਈ ਅਸਾਮੀਆਂ ਵਿੱਚ ਤਬਦੀਲ ਕਰਨ ਨੂੰ ਮਨਜ਼ੂਰੀ ਦਿੱਤੀ ਹੈ।
ਇਸ ਫੈਸਲੇ ਨਾਲ ਡਾਕਟਰ ਬਾਬਾ ਸਾਹਿਬ ਅੰਬੇਡਕਰ ਮੈਡੀਕਲ ਕਾਲਜ ਵਿਚ 76 ਅਸਾਮੀਆਂ, ਗੁਰੂ ਤੇਗ ਬਹਾਦਰ ਹਸਪਤਾਲ ਵਿਚ 40 ਅਸਾਮੀਆਂ, ਮੌਲਾਨਾ ਆਜ਼ਾਦ ਮੈਡੀਕਲ ਕਾਲਜ ਵਿਚ 9 ਅਸਾਮੀਆਂ ਤੇ ਲਾਲ ਬਹਾਦਰ ਸ਼ਾਸਤਰੀ ਹਸਪਤਾਲ ਵਿਚ ਤਿੰਨ ਅਸਾਮੀਆਂ ‘ਤੇ ਸਥਾਈ ਨਿਯੁਕਤੀਆਂ ਕੀਤੀਆਂ ਜਾਣਗੀਆਂ। ਹੁਣ ਜਿਨ੍ਹਾਂ ਅਸਾਮੀਆਂ ਨੂੰ ਸਥਾਈ ਕੀਤਾ ਗਿਆ ਹੈ, ਉਨ੍ਹਾਂ ਵਿੱਚ ਅਸਿਸਟੈਂਟ ਪ੍ਰੋਫੈਸਰ ਆਰਥੋਪੀਡਿਕਸ, ਰੇਡੀਓਲੋਜੀ ਵਿੱਚ ਸੀਨੀਅਰ ਰੈਜ਼ੀਡੈਂਟ, ਸਰਜਨ, ਡੈਂਟਲ ਸਰਜਨ, ਜੂਨੀਅਰ ਰੈਜ਼ੀਡੈਂਟ ਡਾਕਟਰ, ਸਟਾਫ ਨਰਸ, ਕਲੀਨਿਕਲ ਇੰਸਟ੍ਰਕਟਰ ਅਤੇ ਰੇਡੀਓਗ੍ਰਾਫਰ ਸ਼ਾਮਲ ਹਨ।