ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 10 ਦਸੰਬਰ
ਕੇਂਦਰ ਦੀ ਮੋਦੀ ਸਰਕਾਰ ਚਾਹੇ ਆਪਣੇ ਸਟੈਡ ਤੋ ਪਿੱਛੇ ਨਹੀਂ ਹਟ ਰਹੀ ਪ੍ਰੰਤੂ ਉਸ ਲਈ ਕਿਸਾਨ ਅੰਦੋਲਨ ਦਿਨੋਂ ਦਿਨ ਬਿਪਤਾ ਖੜ੍ਹੀ ਕਰ ਰਿਹਾ ਹੈ। ਸਿੰਘੂ ਅਤੇ ਟਿਕਰੀ ਬਾਰਡਰ ’ਤੇ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਦੀਆਂ ਕਤਾਰਾਂ ਰੋਜ਼ਾਨਾ ਇੱਕ ਕਿਲੋਮੀਟਰ ਤੱਕ ਲੰਬੀਆਂ ਹੋ ਰਹੀਆਂ ਹਨ। ਸੰਯੁਕਤ ਮੋਰਚੇ ਦੇ ਆਗੂ ਨਿਰਭੈ ਸਿੰਘ ਢੁੱਡੀਕੇ ਨਾਲ ਜਦੋ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਅੰਦੋਲਨ ਜਥੇਬੰਦੀਆਂ ਦਾ ਅੰਦੋਲਨ ਨਾ ਹੋ ਕੇ ਜਨ ਅੰਦੋਲਨ ਵਿੱਚ ਤਬਦੀਲ ਹੋ ਗਿਆ ਹੈ। ਸਿੰਘੂ ਬਾਰਡਰ ’ਤੇ ਹਰ ਰੋਜ਼ 700 ਤੋ ਲੈ ਕੇ ਅੱਠ ਸੌ ਤੱਕ ਵਾਹਨ ਵਧ ਰਹੇ ਹਨ। ਇਸੇ ਤਰ੍ਹਾਂ ਟਿਕਰੀ ਬਾਰਡਰ ’ਤੇ 3 ਸੌ ਤੋਂ ਲੈ ਕੇ 4 ਸੌ ਤੱਕ ਵਾਹਨ ਰੋਜ਼ਾਨਾ ਆ ਰਹੇ ਹਨ। ਟਿੱਕਰੀ ਤੋਂ ਰੋਹਤਕ ਵੱਲ ਜਾਦੀ ਸੜਕ ਤੋਂ ਇਲਾਵਾ ਬਹਾਦਰਗੜ੍ਹ ਵਾਲੀ ਸੜਕ ਵੀ ਪੂਰੀ ਭਰ ਗਈ ਹੈ। ਜੇ ਦੋ ਵਾਹਨ ਵਾਪਸ ਜਾਂਦੇ ਹਨ ਤਾ ਦਸ ਆ ਰਹੇ ਹਨ। ਨੇੜਲੀਆਂ ਲਿੰਕ ਸੜਕਾਂ ਸਮੇਤ ਖੁੱਲੀਆਂ ਗਲੀਆਂ ਵਿੱਚ ਵਹੀਕਲ ਖੜ੍ਹੇ ਹਨ। ਲੋਕ ਪਿੰਡਾਂ ਤੋਂ ਤੁਰਨ ਲੱਗੇ ਗੁਰੂ ਘਰਾਂ ਵਿੱਚੋਂ ਇਹ ਅਰਦਾਸ ਕਰਕੇ ਚੱਲ ਰਹੇ ਹਨ ਕਿ ਕਾਨੂੰਨ ਵਾਪਸੀ ਤੋ ਬਿਨਾਂ ਉਹ ਘਰਾਂ ਨੂੰ ਵਾਪਸ ਨਹੀਂ ਆਉਣਗੇ। ਇਸੇ ਕਾਰਨ ਵੀ ਲੋਕਾਂ ਦੀ ਵਾਪਸੀ ਘੱਟ ਅਤੇ ਦਿੱਲੀ ਵੱਲ ਆਮਦ ਜ਼ਿਆਦਾ ਹੋ ਰਹੀ ਹੈ। ਲੋਕਾਂ ਵਿੱਚ ਭਾਵਨਾ ਹੈ ਕਿ ਜੇ ਇਹ ਕਾਨੂੰਨ ਵਾਪਸ ਨਾ ਹੋਏ ਤਾਂ ਜ਼ਮੀਨਾਂ ਕਿਸੇ ਹਾਲਤ ਵਿੱਚ ਸਾਡੇ ਕੋਲ ਨਹੀ ਰਹਿਣਗੀਆਂ। ਉਨ੍ਹਾਂ ਨੂੰ ਆਪਣੇ ਪੁੱਤ ਪੋਤਰਿਆ ਦਾ ਭਵਿੱਖ ਕਾਲਾ ਨਜ਼ਰ ਆਉਂਦਾ ਹੈ। ਉਨ੍ਹਾਂ ਕਿਹਾ ਕਿ ਕਿਰਤੀ ਕਿਸਾਨ ਯੂਨੀਅਨ ਸਮੇਤ ਲਗਪਗ ਸਾਰੀਆਂ ਜਥੇਬੰਦੀਆਂ ਨੇ ਦੋ ਦੋ ਟੀਮਾਂ ਬਣਾਈਆ ਹਨ ਜਿਨ੍ਹਾਂ ਵਿੱਚੋ ਇੱਕ ਮੋਰਚੇ ਵਿੱਚ ਰਹਿ ਰਹੀ ਹੈ ਅਤੇ ਦੂਸਰੀ ਪਿੰਡਾਂ ਵਿੱਚ ਲਗਾਤਾਰ ਤਿਆਰੀਆਂ ਕਰ ਰਹੀ ਹੈ। ਲੋਕਾਂ ਨੇ ਆਪਣੇ ਜ਼ਰੂਰੀ ਰੁਝੇਵੇਂ ਜਿਵੇ ਵਿਆਹ ਦੀਆਂ ਤਰੀਕਾਂ ਤਬਦੀਲ ਕਰ ਦਿੱਤੀਆਂ ਨੇ ਕਿਉਕਿ ਜ਼ਿਆਦਾਤਰ ਰਿਸ਼ਤੇਦਾਰ ਦਿੱਲੀ ਗਏ ਹੋਏ ਹਨ ਜਾਂ ਜਾ ਰਹੇ ਹਨ। ਇਸ ਲਈ ਉਹ ਵਿਆਹਾਂ ਵਿੱਚ ਸ਼ਾਮਲ ਹੋਣ ਦੀ ਅਸਮਰੱਥਾ ਪ੍ਰਗਟ ਕਰ ਰਹੇ ਹਨ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕਿ ਜੇ ਇਹ ਕਾਨੂੰਨ ਵਾਪਸ ਨਾ ਲਏ ਅਤੇ ਲੋਕ ਰੋਹ ਨੂੰ ਸਹੀ ਤਰੀਕੇ ਨਾਲ ਨਾ ਦੇਖਿਆ ਤਾਂ ਇਹ ਅੰਦੋਲਨ ਮੋਦੀ ਸਰਕਾਰ ਨੂੰ ਸੱਤਾ ਤੋਂ ਲਾਭੇ ਕਰਨ ਵੱਲ ਵੀ ਜਾ ਸਕਦਾ ਹੈ।
ਗੁਰੂ ਗ੍ਰਾਮ ਵਿੱਚ ਪਲਾਜ਼ਿਆਂ ਦੀ ਸੁਰੱਖਿਆ ਮਜ਼ਬੂਤ ਕੀਤੀ
ਨਵੀਂ ਦਿੱਲੀ (ਪੱਤਰ ਪ੍ਰੇਰਕ):ਜਦੋਂ ਕਿਸਾਨਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਆਪਣਾ ਅੰਦੋਲਨ ਤੇਜ਼ ਕਰਨ ਦਾ ਫੈਸਲਾ ਲਿਆ ਤਾਂ ਗੁਰੂਗ੍ਰਾਮ ਪੁਲੀਸ ਨੇ ਦਿੱਲੀ-ਜੈਪੁਰ ਐਕਸਪ੍ਰੈਸ ਵੇਅ ਨੂੰ ਰੋਕਣ ਦੀ ਪ੍ਰਦਰਸ਼ਨਕਾਰੀਆਂ ਦੀ ਯੋਜਨਾ ਦੇ ਮੱਦੇਨਜ਼ਰ ਕਈ ਟ੍ਰੈਫਿਕ ਜੰਕਸ਼ਨਾਂ, ਟੋਲ ਪਲਾਜ਼ਾ ਅਤੇ ਦਿੱਲੀ-ਹਰਿਆਣਾ ਸਰਹੱਦੀ ਇਲਾਕਿਆਂ ਵਿੱਚ ਸੁਰੱਖਿਆ ਵਧਾ ਦਿੱਤੀ ਹੈ। ਏਸੀਪੀ (ਹੈੱਡਕੁਆਰਟਰ) ਊਸ਼ਾ ਕੂੰਡੂ ਨੇ ਕਿਹਾ ਕਿ ਚੱਲ ਰਹੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਸਰਹੱਦੀ ਥਾਵਾਂ ‘ਤੇ ਸੁਰੱਖਿਆ ਪ੍ਰਬੰਧਾਂ ਨੂੰ ਵੀ ਸਖ਼ਤ ਕੀਤਾ ਗਿਆ ਹੈ। ਐਕਸਪ੍ਰੈਸ ਵੇਅ ਤੇ ਟੋਲ ਪਲਾਜ਼ਾ ਵੱਲ ਨੂੰ ਧਾਵਾ ਬੋਲਣ ਦੀਆਂ ਯੋਜਨਾਵਾਂ ਦੇ ਮੱਦੇਨਜ਼ਰ ਸਬੰਧਤ ਸਾਰੇ ਅਧਿਕਾਰੀਆਂ ਨੂੰ ਲੋੜੀਂਦੀ ਸਾਵਧਾਨੀ ਤੇ ਸੁਰੱਖਿਆ ਉਪਾਅ ਕਰਨ ਦੀ ਸਲਾਹ ਦਿੱਤੀ ਹੈ।