ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਜੂਨ
ਗੁਜਰਾਤ ਦੇ 17 ਮੈਂਬਰੀ ਵਫ਼ਦ ਨੇ ਮੁਹੱਲਾ ਕਲੀਨਿਕਾਂ ਤੇ ਸਰਕਾਰੀ ਸਕੂਲ ਦਾ ਦੌਰਾ ਕੀਤਾ ਤੇ ਇਨ੍ਹਾਂ ਸਰਕਾਰੀ ਥਾਵਾਂ ਵਿੱਚੋਂ ਨੁਕਸ ਕੱਢੇ। ਇਹ ਵਫ਼ਦ ਦੋ ਦਿਨਾਂ ਦੇ ਦਿੱਲੀ ਦੌਰੇ ਉਪਰ ਆਇਆ ਸੀ, ਜਿਸਨੇ ਕਿ ਕੇਜਰੀਵਾਲ ਸਰਕਾਰ ਦੇ ਦਿੱਲੀ ਮਾਡਲ ਵਿੱਚ ਖਾਮੀਆਂ ਕੱਢੀਆਂ। ਵਫ਼ਦ ਵਿੱਚ ਸਾਬਕਾ ਮੰਤਰੀ ਤੇ ਗੁਜਰਾਤ ਦੇ ਵਿਧਾਇਕ ਸ਼ਾਮਲ ਹਨ ਤੇ ਉਨ੍ਹਾਂ ਸੋਨੀਆ ਵਿਹਾਰ ਤੇ ਚੌਹਾਨ ਪੱਟੀ ’ਚ ਦੋ ਮੁਹੱਲਾ ਕਲੀਨਿਕਾਂ ਦਾ ਦੌਰਾ ਕੀਤਾ ਜੋ ਬੰਦ ਪਏ ਸਨ। ਵਫ਼ਦ ਖਜ਼ੂਰੀ ਖ਼ਾਸ ਦੇ ਸਰਕਾਰੀ ਸਕੂਲ ਵਿੱਚ ਵੀ ਗਿਆ ਤੇ ਇਸ ਸਕੂਲ ਬਾਰੇ ਕਿਹਾ ਕਿ ਉਹ ਮਾੜੀ ਹਾਲਤ ਵਿੱਚ ਹੈ।
ਭਾਜਪਾ ਵੱਲੋਂ ਦੱਸਿਆ ਗਿਆ ਕਿ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਸਮੇਤ 17 ਮੈਂਬਰੀ ਵਫ਼ਦ ਨੇ ਸੋਨੀਆ ਵਿਹਾਰ ਤੇ ਚੌਹਾਨ ਪੱਟੀ ਵਿਚਲੇ ਦੋ ਮੁਹੱਲਾ ਕਲੀਨਿਕਾਂ ਦਾ ਦੌਰਾ ਕੀਤਾ ਤੇ ਦੱਸਿਆ ਕਿ ਦੋਨੋਂ ਬੰਦ ਪਏ ਹਨ ਤੇ ਖਜ਼ੂਰੀ ਖ਼ਾਸ ਵਿੱਚ ਇੱਕ ਦਿੱਲੀ ਦਾ ਸਰਕਾਰੀ ਸਕੂਲ ਵੀ ਮਾੜੀ ਹਾਲਤ ਵਿੱਚ ਸੀ। ਵਫ਼ਦ ਵੱਲੋਂ ਦੋਸ਼ ਲਾਇਆ ਗਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਆਪਣੇ ਦਿੱਲੀ ਮਾਡਲ ਬਾਰੇ ਦਾਅਵੇ ਤੋਂ ਹਾਲਤ ਬਿਲਕੁਲ ਉਲਟ ਹਨ। ਵਫ਼ਦ ਨਾਲ ਉੱਤਰ-ਪੂਰਬੀ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਵੀ ਸਨ। ਸ੍ਰੀ ਤਿਵਾੜੀ ਨੇ ਦਾਅਵਾ ਕੀਤਾ ਕਿ ਦਿੱਲੀ ਸਰਕਾਰ ਦੀ ਵੈੱਬਸਾਈਟ ’ਤੇ ਪਾਈ ਗਈ ਸੂਚੀ ਵਾਲੇ ਮੁਹੱਲਾ ਕਲੀਨਿਕ ਡਾਕਟਰਾਂ ਤੇ ਦਵਾਈਆਂ ਦੀ ਕਮੀ ਕਾਰਨ ਲਕਵਾਗ੍ਰਸਤ ਹਨ। ਉਨ੍ਹਾਂ ਦੱਸਿਆ ਕਿ ਵਫ਼ਦ ਨੇ ਸਥਾਨਕ ਲੋਕਾਂ ਨਾਲ ਵੀ ਗੱਲ ਕੀਤੀ ਤੇ ਵੀਡੀਓ ਵੀ ਬਣਾਈਆਂ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅਪਰੈਲ 2022 ਵਿੱਚ ਭਾਵਨਗਰ ਦੇ ਸਰਕਾਰੀ ਸਕੂਲ ਜਾ ਕੇ ਗੁਜਰਾਤ ਸਰਕਾਰ ਦੀ ਸਿੱਖਿਆ ਦੀ ਮਾੜੀ ਹਾਲਤ ਬਿਆਨੀ ਸੀ, ਜਿਸ ਮਗਰੋਂ ਹੁਣ ਉਸ ਸੂਬੇ ਦੇ ਭਾਜਪਾ ਆਗੂ ਦਿੱਲੀ ਉਸੇ ਤਰਜ਼ ’ਤੇ ਨੁਕਸ ਲੱਭਣ ਆਏ।
ਭਾਜਪਾ ਵਫ਼ਦ ਦਿੱਲੀ ਮਾਡਲ ਦੀਆਂ ਕਮੀਆਂ ਨਹੀਂ ਲੱਭ ਸਕਿਆ: ਸਿਸੋਦੀਆ
ਵਫ਼ਦ ਵੱਲੋਂ ਉਠਾਏ ਮੁੱਦਿਆਂ ਬਾਰੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਜਵਾਬ ਦਿੱਤਾ ਗਿਆ। ਸ੍ਰੀ ਸਿਸੋਦੀਆ ਨੇ ਕਿਹਾ ਕਿ ਭਾਜਪਾ ਵਫ਼ਦ ਦੋ ਦਿਨਾਂ ਦੌਰਾਨ ਦਿੱਲੀ ਮਾਡਲ ਦੀਆਂ ਕਮੀਆਂ ਨਹੀਂ ਲੱਭ ਸਕਿਆ। ਉਨ੍ਹਾਂ ਕਿਹਾ, ‘‘ਦੋ ਦਿਨਾਂ ਤੱਕ ਦਿੱਲੀ ਵਿੱਚ ਘੁੰਮਣ ਦੇ ਬਾਵਜੂਦ ਉਹ ਸਾਡੇ ਸਕੂਲਾਂ ਤੇ ਮੁਹੱਲਾ ਕਲੀਨਿਕਾਂ ਵਿੱਚ ਕੋਈ ਅੰਤਰ ਲੱਭਣ ਵਿੱਚ ਅਸਫਲ ਰਹੇ। ਉਨ੍ਹਾਂ ਨੇ ਉੱਤਰ-ਪੂਰਬੀ ਦਿੱਲੀ ਵਿੱਚ ਇੱਕ ਮੁਹੱਲਾ ਕਲੀਨਿਕ ਦੇ ਬਾਹਰ ਇੱਕ ਤਸਵੀਰ ਖਿੱਚੀ ਤਾਂ ਕਿ ਇਹ ਦਰਸਾਇਆ ਜਾ ਸਕੇ ਕਿ ਇਹ ਕਲੀਨਿਕ ਬੰਦ ਸੀ। ‘ਐਨਜੀਟੀ’ ਦੇ ਆਦੇਸ਼ਾਂ ਤੋਂ ਬਾਅਦ ਲੰਬੇ ਸਮੇਂ ਲਈ ਬੰਦ ਸੀ। ਅਸੀਂ ਇਸ ਵਿਚਾਰ ਲਈ ਖੁੱਲ੍ਹੇ ਹਾਂ। ਅਸੀਂ ਉਨ੍ਹਾਂ ਵਫ਼ਦਾਂ ਦਾ ਸਵਾਗਤ ਕਰਾਂਗੇ ਜੋ ਆਉਣਾ ਚਾਹੁੰਦੇ ਹਨ ਅਤੇ ਦੇਖਣਾ ਚਾਹੁੰਦੇ ਹਨ ਕਿ ਅਸੀਂ ਕੀ ਕਰ ਰਹੇ ਹਾਂ। ਸਾਡਾ ਵਫ਼ਦ ਉੱਥੇ ਹੋ ਰਹੇ ਕੰਮ ਨੂੰ ਦੇਖਣ ਲਈ ਗੁਜਰਾਤ ਦਾ ਦੌਰਾ ਵੀ ਕਰੇਗਾ’’ ਉਪ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਇਹ ਇੱਕ ਚੰਗਾ ਵਿਚਾਰ ਹੈ ਕਿ ਸਿਆਸੀ ਪਾਰਟੀਆਂ ਦੇ ਵਫ਼ਦ ਇੱਕ ਦੂਜੇ ਤੋਂ ਸਿੱਖਣ ਲਈ ਦੂਜੇ ਰਾਜਾਂ ਦਾ ਦੌਰਾ ਕਰਦੇ ਹਨ।