ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਨਵੰਬਰ
ਪੰਜਾਬੀ ਅਕਾਦਮੀ ਦੀ ਨਵ-ਸੰਗਿਠਤ ਗਵਰਨਿੰਗ ਕੌਂਸਿਲ ਨੇ ਅੱਜ ਇਸਦੇ ਵਾਈਸ-ਚੇਅਰਮੈਨ ਹਰਸ਼ਰਨ ਸਿੰਘ ਬੱਲੀ ਦੀ ਪ੍ਰਧਾਨਗੀ ਹੇਠ ਚਾਰਜ ਸੰਭਾਲਿਆ। ਪੰਜਾਬੀ ਅਕਾਦਮੀ ਦੇ ਦਫ਼ਤਰ ਵਿਚ ਹੋਈ ਮੀਟਿੰਗ ਦੌਰਾਨ ਸ੍ਰੀ ਬੱਲੀ ਨੇ ਦੱਸਿਆ ਕਿ ਦਿੱਲੀ ਦੀ ਕੁੱਲ ਵਸੋਂ ਦਾ 32 ਫ਼ੀਸਦੀ ਹਿੱਸਾ ਪੰਜਾਬੀ ਹਨ ਤੇ ਪੰਜਾਬੀ, ਭਾਸ਼ਾ, ਸਾਹਿਤ ਤੇ ਸਭਿਆਚਾਰ ਦੇ ਪ੍ਰਚਾਰ ਪ੍ਰਸਾਰ ਲਈ ਹਰ ਸੰਭਵ ਕੋਸ਼ਿਸ਼ ਕਰੇਗੀ। ਸ੍ਰੀ ਬੱਲੀ ਨੇ ਇਹ ਵੀ ਦੱਸਿਆ ਕਿ ਇਸ ਵਰ੍ਹੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਅਕਾਦਮੀ ਇਹ ਪੁਰਬ ਢੁਕਵੇਂ ਤਰੀਕੇ ਨਾਲ ਮਨਾਏਗੀ। ਵਾਈਸ ਚੇਅਰਮੈਨ ਨੇ ਕਿਹਾ ਕਿ ‘ਮੈਂ ਪੰਜਾਬੀ ਘਰ ‘ਚ ਪੰਜਾਬੀ’ ਦਾ ਨਾਅਰਾ ਬੁਲੰਦ ਕੀਤਾ ਜਾਵੇਗਾ।
‘ਆਪ’ ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਨਵੀਂ ਟੀਮ ਮਿਲ ਕੇ ਕਾਰਜ ਕਰੇਗੀ ਤੇ ਅਕਾਦਮੀ ਦੇ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾਵੇਗੀ, ਸਰਕਾਰ ਹਰ ਸੰਭਵ ਮਦਦ ਕਰੇਗੀ। ਤੇਜਿੰਦਰਪਾਲ ਸਿੰਘ ਨਲਵਾ ਨੇ ਕਿਹਾ ਕਿ ਦਿੱਲੀ ਵਿੱਚ ਕੀਤੀ ਗਈ ਗੱਲ ਕੌਮਾਂਤਰੀ ਪੱਧਰ ਉਪਰ ਚੱਲਦੀ ਹੈ। ਮੀਟਿੰਗ ਵਿਚ ਹਿੱਸਾ ਲੈਣ ਵਾਲਿਆਂ ਵਿਚ ਅਮਰਜੀਤ ਸਿੰਘ, ਗੁਰਪ੍ਰੀਤ ਕੌਰ, ਕੰਚਨ ਭੂਪਲ, ਹਰਪ੍ਰੀਤ ਸਿੰਘ ਤੇ ਜਗਤਾਰ ਸਿੰਘ (ਮੈਂਬਰ), ਮਨਪ੍ਰੀਤ ਸਿੰਘ ਸਾਹਨੀ, ਗੁਰਵਿੰਦਰ ਸਿੰਘ, ਮਨਪ੍ਰੀਤ ਸਿੰਘ ਟੈਗੋਰ ਗਾਰਡਨ ਤੇ ਇੰਦਰਪ੍ਰੀਤ ਸਿੰਘ ਕੋਛੜ ਤੇ ਹੋਰ ਸ਼ਾਮਲ ਹਨ। ਅਕਾਦਮੀ ਦੇ ਕਾਰਜਕਾਰੀ ਸਕੱਤਰ ਰਾਜਿੰਦਰ ਕੁਮਾਰ ਨੇ ਮੀਟਿੰਗ ਦੀ ਕਾਰਵਾਈ ਚਲਾਈ।