ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 12 ਅਪਰੈਲ
ਦਿੱਲੀ ਦੇ ਆਨੰਦ ਪਰਬਤ ਇਲਾਕੇ ਵਿੱਚ ਵਸੀ ਕਠਪੁਤਲੀ ਕਲੋਨੀ ਵਿੱਚ ਇੱਕ ਘਰ ਨੂੰ ਲੱਗੀ ਅੱਗ ਨੇ ਆਪਣੇ ਨੇੜੇ ਦੇ ਹੋਰ ਘਰਾਂ ਨੂੰ ਲਪੇਟ ਵਿੱਚ ਲੈ ਲਿਆ। ਅੱਗ ਲੱਗਣ ਕਾਰਨ ਉਕਤ ਘਰ ਵਿੱਚ ਰੱਖਿਆ ਸਾਮਾਨ ਅਤੇ ਕਰੀਬ 50 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਦਿੱਲੀ ਫਾਇਰ ਸਰਵਿਸ ਵੱਲੋਂ 18 ਅੱਗ ਬੁਝਾਊ ਗੱਡੀਆਂ ਭੇਜੀਆਂ ਗਈਆਂ ਅਤੇ ਲੰਬੀ ਮੁਸ਼ੱਕਤ ਕਰਕੇ ਦੋ ਘੰਟਿਆਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਝੁੱਗੀਆਂ ਵਿੱਚ ਰੱਖਿਆ ਸਾਮਾਨ ਸੜ ਕੇ ਸੁਆਹ ਹੋ ਗਿਆ। ਅਧਿਕਾਰੀਆਂ ਮੁਤਾਬਕ ਬਚਾਅ ਰਿਹਾ ਕਿ ਕੋਈ ਜ਼ਖ਼ਮੀ ਨਹੀਂ ਹੋਇਆ। ਅਧਿਕਾਰੀਆਂ ਵੱਲੋਂ ਨੁਕਸਾਨ ਦਾ ਜਾਇਜ਼ਾ ਲਿਆ ਗਿਆ।
ਅੱਗ ਲੱਗਣ ਦੀ ਦੂਜੀ ਘਟਨਾ ਦਿੱਲੀ ਦੇ ਰਾਮ ਲਾਲ ਆਨੰਦ ਕਾਲਜ ਵਿੱਚ ਵਾਪਰੀ, ਜਿੱਥੇ ਸਵੇਰੇ ਕਾਲਜ ਆਡੀਟੋਰੀਅਮ ਵਿੱਚੋਂ ਧੂੰਆਂ ਉੱਠਦਾ ਦੇਖਿਆ ਗਿਆ। ਦਿੱਲੀ ਫਾਇਰ ਸਰਵਿਸ ਦੇ ਮੁਖੀ ਅਤੁੱਲ ਗਰਗ ਨੇ ਦੱਸਿਆ ਕਿ ਸਵੇਰੇ 8.55 ਵਜੇ ਅੱਗ ਲੱਗਣ ਦੀ ਸੂਚਨਾ ਦਿੱਲੀ ਯੂਨੀਵਰਸਿਟੀ ਦੇ ਦੱਖਣੀ ਕੈਂਪਸ ਵਿੱਚ ਸਥਿਤ ਰਾਮ ਲਾਲ ਆਨੰਦ ਕਾਲਜ ਤੋਂ ਮਿਲੀ। ਮਹਿਕਮੇ ਦੀਆਂ 5 ਗੱਡੀਆਂ ਅੱਗ ਬੁਝਾਊਣ ਲਈ ਭੇਜੀਆਂ ਗਈਆਂ ਤੇ ਅੱਗ ਨੂੰ ਹੋਰ ਫੈਲਣ ਤੋਂ ਰੋਕ ਦਿੱਤਾ ਗਿਆ। ਦਿਨ ਭਰ ਵਿੱਚ ਅੱਗ ਠੰਢੀ ਕਰਨ ਦੀ ਪ੍ਰਕਿਰਿਆ ਪੂਰੀ ਕੀਤੀ ਗਈ। ਅੱਗ ਲੱਗਣ ਦੇ ਕਾਰਨ ਜਾਂਚੇ ਜਾ ਰਹੇ ਹਨ। ਬੀਤੇ ਦਿਨਾਂ ਦੌਰਾਨ ਦਿੱਲੀ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ।