ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 5 ਅਕਤੂਬਰ
ਦੇਸ਼ ਦੀ ਕੌਮੀ ਰਾਜਧਾਨੀ ਤੇ ਨਾਲ ਲਗਦੇ ਇਲਾਕਿਆਂ (ਐਨਸੀਆਰ) ਵਿੱਚ ਦਸਹਿਰਾ ਧੂਮ-ਧਾਮ ਨਾਲ ਮਨਾਇਆ ਗਿਆ। ਫਰੀਦਾਬਾਦ, ਗੁਰੂਗ੍ਰਾਮ, ਨੋਇਡਾ, ਗਾਜ਼ੀਆਬਾਦ, ਪਲਵਲ, ਬੱਲਭਗੜ੍ਹ ਤੇ ਬਹਾਦਰਗੜ੍ਹ ਸਮੇਤ ਸੋਨੀਪਤ, ਪਾਣੀਪਤ ਵਿੱਚ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਫੂਕੇ ਗਏ। ਸਿਆਸੀ ਧਿਰਾਂ ਦੇ ਆਗੂਆਂ ਨੇ ਵੀ ਇਨ੍ਹਾਂ ਸਮਾਗਮਾਂ ਵਿੱਚ ਸ਼ਿਰਕਤ ਕੀਤੀ। ਹਾਲਾਂਕਿ ਦਿਨ ਵੇਲੇ ਪਏ ਹਲਕੇ ਮੀਂਹ ਨਾਲ ਦਸਹਿਰਾ ਪ੍ਰਬੰਧਾਂ ਵਿੱਚ ਖਲਲ਼ ਪਿਆ। ਦੁਕਾਨਦਾਰਾਂ ਵੱਲੋਂ ਲਾਈਆਂ ਗਈਆਂ ਆਰਜ਼ੀ ਹੱਟੀਆਂ ’ਤੇ ਪਿਆ ਸਾਮਾਨ ਭਿੱਜ ਗਿਆ।
ਦਿੱਲੀ ਵਿੱਚ ਮੁੱਖ ਸਮਾਗਮ ਲਾਲ ਕਿਲ੍ਹੇ ਦੇ ਸਾਹਮਣੇ ਹੋਇਆ, ਜਿੱਥੇ ਦੇਸ਼ ਦੀਆਂ ਨਾਮੀਂ ਹਸਤੀਆਂ ਸ਼ਾਮਲ ਹੋਈਆਂ। ਇਸ ਤੋਂ ਇਲਾਵਾ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਵੀ ਲੋਕਾਂ ਨੇ ਆਪਣੇ ਪੱਧਰ ਉਪਰ ਰਾਵਣ ਦੇ ਪੁਤਲੇ ਫੂਕੇ। ਹਾਲਾਂਕਿ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਬਿਨਾਂ ਬਾਰੂਦ ਅਤੇ ਪਟਾਕਿਆਂ ਦੇ ਸਾੜਿਆ ਗਿਆ ਕਿਉਂਕਿ ਐਨਜੀਟੀ ਤੇ ਦਿੱਲੀ ਸਰਕਾਰ ਵੱਲੋਂ ਪਟਾਕਿਆਂ ਉਪਰ ਪਾਬੰਦੀ ਲਾਈ ਹੋਈ ਹੈ। ਇਸੇ ਕਰਕੇ ਇਸ ਵਾਰ ਵੀ ਪੁਤਲਿਆਂ ਦਾ ਆਕਾਰ ਘੱਟ ਉੱਚੇ ਰੱਖੇ ਗਏ। ਦਿੱਲੀ ਵਿੱਚ ਰਾਮ ਲੀਲਾ ਦਾ ਬੀਤੀ ਰਾਤ ਆਖ਼ਰੀ ਦਿਨ ਸੀ ਤੇ ਅੱਜ ਲੰਕਾ ਦਹਿਨ ਨਾਲ ਉਹ ਸੰਪੂਰਨ ਹੋ ਗਈਆਂ।
ਇਸ ਤੋਂ ਪਹਿਲਾਂ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਟਰੈਫਿਕ ਰੁਕਾਵਟਾਂ ਨੂੰ ਰੋਕਣ ਲਈ ਦਿੱਲੀ ਟ੍ਰੈਫਿਕ ਪੁਲੀਸ ਦੁਆਰਾ ਯਾਤਰੀਆਂ ਨੂੰ ਕੁਝ ਰੂਟਾਂ ਤੋਂ ਬਚਣ ਦੀ ਅਪੀਲ ਕੀਤੀ ਗਈ। ਦਿੱਲੀ ਟਰੈਫਿਕ ਪੁਲੀਸ ਨੇ ਯਾਤਰੀਆਂ ਨੂੰ ਸਥਿਤੀ ਦੀ ਜਾਣਕਾਰੀ ਦੇਣ ਲਈ ਟਵਿੱਟਰ ਦੀ ਵਰਤੋਂ ਕੀਤੀ। ਟਰੈਫਿਕ ਚਿਤਾਵਨੀ ਵਿੱਚ ਅਕਬਰ ਰੋਡ, ਤੀਨ ਮੂਰਤੀ ਮਾਰਗ, ਕੌਟਿਲਿਆ ਮਾਰਗ,, ਐਸਪੀ ਮਾਰਗ, ਧੌਲਾ ਕੁਆਂ ਫਲਾਈਓਵਰ ਤੇ ਗੁੜਗਾਓਂ ਰੋਡ ਤੋਂ 18.40 ਵਜੇ ਤੋਂ 19.20 ਵਜੇ ਤੱਕ ਵਿਸ਼ੇਸ਼ ਟ੍ਰੈਫਿਕ ਪ੍ਰਬੰਧਾਂ ਦੇ ਕਾਰਨ ਬਚਣ ਦੀ ਅਪੀਲ ਕੀਤੀ। ਦਿੱਲੀ ਟਰੈਫਿਕ ਪੁਲੀਸ ਨੇ ਪਹਾੜੀ ਭੋਜਲਾ, ਮਟੀਆ ਮਹਿਲ, ਜਾਮਾ ਮਸਜਿਦ, ਚਾਵੜੀ ਬਾਜ਼ਾਰ, ਹੌਜ਼ ਕਾਜ਼ੀ, ਅਜਮੇਰੀ ਗੇਟ, ਪਹਾੜਗੰਜ, ਚੈਮਸਫੋਰਡ ਰੋਡ, ਕਨਾਟ ਪਲੇਸ ਬਾਹਰੀ ਚੱਕਰ, ਪਾਰਲੀਮੈਂਟ ਸਟ੍ਰੀਟ, ਰਫੀ ਮਾਰਗ, ਸੁਨਹਿਰੀ ਬਾਗ ਰੋਡ, ਤੁਗਲਕ ਰੋਡ, ਅਰਬਿੰਦੋ ਮਾਰਗ, ਜੋਰ ਬਾਗ ਸੜਕਾਂ ‘ਤੇ ਬੱਸਾਂ ਦੀ ਆਵਾਜਾਈ ਨੂੰ ਸੀਮਤ ਕੀਤੀ। ਇਹ ਪਾਬੰਦੀਆਂ ਦੁਪਹਿਰ 2 ਵਜੇ ਤੋਂ ਰਾਤ 9:30 ਵਜੇ ਤੱਕ ਲਾਗੂ ਸਨ।
ਪੁਤਲਿਆਂ ਦਾ ਕਾਰੋਬਾਰ ਮੁੜ ਲੀਹ ’ਤੇ ਆਇਆ
ਕੁਝ ਸਾਲਾਂ ਦੇ ਵਕਫੇ ਤੋਂ ਬਾਅਦ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਬਣਾਉਣ ਦਾ ਕਾਰੋਬਾਰ ਮੁੜ ਲੀਹ ’ਤੇ ਆਇਆ। ਹਰ ਸਾਲ, ਦਸਹਿਰਾ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਨ ਭਗਵਾਨ ਰਾਮ ਨੇ ਰਾਵਣ ਨੂੰ ਮਾਰਿਆ ਸੀ। ਨਵੀਂ ਦਿੱਲੀ ਦੇ ਤਿਤਾਰਪੁਰ ਵਿੱਚ ਵੱਡੀ ਗਿਦਤੀ ਵਿੱਚ ਲੋਕਾਂ ਨੇ ਰਾਵਣ ਦੇ ਪੁਤਲੇ ਖਰੀਦੇ। ਕੋਵਿਡ-19 ਕਾਰਨ ਪਿਛਲੇ 2 ਸਾਲਾਂ ਦੌਰਾਨ ਕਾਰੋਬਾਰ ਇੰਨਾ ਚੰਗਾ ਨਹੀਂ ਸੀ ਪਰ ਹੁਣ ਚੀਜ਼ਾਂ ਬਿਹਤਰ ਹੋ ਰਹੀਆਂ ਹਨ ਤੇ ਗਾਹਕ ਵਾਪਸ ਆਏ ਹਨ। ਹੁਣ ਪੁਤਲਿਆਂ ਦੇ ਰੇਟ ਪਿਛਲੇ ਸਮਿਆਂ ਦੇ ਮੁਕਾਬਲੇ ਥੋੜੇ ਵੱਧ ਸਨ, ਹੁਣ 500 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਸਨ। ਇਕ ਕਾਰੀਗਰ ਮੁਤਾਬਕ, ‘ਸਿਰਫ ਪੁਤਲੇ ਬਣਾਉਂਦੇ ਹਾਂ, ਇਹ ਗਾਹਕ ਦੀ ਮਰਜ਼ੀ ਹੈ ਕਿ ਉਹ ਪਟਾਕੇ ਪਾਉਣਾ ਜਾਂ ਨਹੀਂ। ਲੋਕ ਦਸਹਿਰੇ ਦੌਰਾਨ ਘੱਟ ਪ੍ਰਦੂਸ਼ਣ ਪੈਦਾ ਕਰਨ ਲਈ ਈਕੋ-ਫਰੈਂਡਲੀ ਪਟਾਕਿਆਂ ਦੀ ਚੋਣ ਕਰਦੇ ਹਨ।’