ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਜਨਵਰੀ
ਦਿੱਲੀ ਦੇ ਖਾਨਪੁਰ ਇਲਾਕੇ ’ਚ ਵੀਰਵਾਰ ਨੂੰ ਇਕ 27 ਸਾਲਾ ਵਿਅਕਤੀ ਨੇ ਕਥਿਤ ਤੌਰ ’ਤੇ ਆਪਣੇ 5 ਸਾਲਾ ਪੁੱਤਰ ਨੂੰ ਲੱਕੜ ਦੇ ਡੰਡੇ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ। ਮੁਲਜ਼ਮ ਦੀ ਪਛਾਣ ਆਦਿਤਿਆ ਪਾਂਡੇ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਨੇ ਇਸ ਵਾਰਦਾਤ ਨੂੰ ਇਸ ਕਰਕੇ ਅੰਜਾਮ ਦਿੱਤਾ ਕਿਉਂਕਿ ਉਹ ਆਪਣੇ ਬੇਟੇ ਗਿਆਨ ਪਾਂਡੇ ਉਰਫ਼ ਉਤਕਰਸ਼ ਤੋਂ ਮੋਬਾਈਲ ਫ਼ੋਨ ’ਤੇ ਗੇਮਾਂ ਖੇਡਣ ਅਤੇ ਪੜ੍ਹਾਈ ਨਾ ਕਰਨ ਕਾਰਨ ਪ੍ਰੇਸ਼ਾਨ ਸੀ। ਲੜਕੇ ਨੂੰ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਡਾਕਟਰਾਂ ਨੇ ਬੱਚੇ ਦੀ ਮੈਡੀਕੋ-ਲੀਗਲ ਰਿਪੋਰਟ ਵਿੱਚ ਦੱਸਿਆ ਕਿ ਉਸਦੀ ਮਾਂ ਰਾਤ 10 ਵਜੇ ਦੇ ਕਰੀਬ ਬੱਚੇ ਨੂੰ ਹਸਪਤਾਲ ਲੈ ਕੇ ਆਈ ਸੀ। ਉਹ ਬੇਹੋਸ਼ ਸੀ ਤੇ ਉਸ ਦੀ ਗਰਦਨ ’ਤੇ ਨਿਸ਼ਾਨ ਸਨ। ਪੁਲੀਸ ਨੇ ਮੁਲਜ਼ਮ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।