ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਨਵੰਬਰ
ਤਿਓਹਾਰ ਦੇ ਦਿਨਾਂ ਵਿੱਚ ਫੁੱਲ ਬੀਜਣ ਵਾਲੇ ਕਿਸਾਨਾਂ ਦੇ ਚਿਹਰਿਆਂ ਤੇ ਰੌਣਕ ਪਰਤੀ ਆਈ ਹੈ ਜੋ ਲੌਕਡਾਊਨ ਦੌਰਾਨ ਮੁਰਝਾ ਗਏ ਸਨ। ਗਾਜ਼ੀਪੁਰ ਫੂਲ ਮੰਡੀ ਵਿੱਚ ਗੈਂਦੇ ਦੇ ਫੁੱਲ ਜੋ ਇਕ ਦਿਨ ਵਿਚ 40 ਤੋਂ 50 ਰੁਪਏ ਕਿੱਲੋ ਵਿਕਦੇ ਸਨ, ਹੁਣ 80 ਤੋਂ 100 ਰੁਪਏ ਕਿਲੋ ਤੱਕ ਵਿਕ ਰਹੇ ਹਨ। ਇਸ ਦੇ ਨਾਲ ਹੀ ਗੁਲਾਬ ਦੀ ਕੀਮਤ ਵਿਚ 100 ਰੁਪਏ ਤੱਕ ਦਾ ਵਾਧਾ ਹੋਇਆ ਹੈ। ਪਹਿਲਾਂ ਗੁਲਾਬ ਦਾ ਇੱਕ ਗੁੱਛਾ 100-150 ਰੁਪਏ ਵਿੱਚ ਵਿਕਦਾ ਸੀ ਜੋ ਹੁਣ 200-250 ਰੁਪਏ ਵਿਚ ਮਿਲਦਾ ਹੈ। ਕਰੋਨਾ ਕਾਲ ਦੌਰਾਨ ਬਹੁਤ ਸਾਰੇ ਕਿਸਾਨਾਂ ਨੇ ਫੁੱਲਾਂ ਦੀ ਕਾਸ਼ਤ ਛੱਡ ਦਿੱਤੀ ਸੀ, ਜਿਸ ਕਾਰਨ ਮੰਗ ਅਨੁਸਾਰ ਪੂਰਤੀ ਨਹੀਂ ਹੋ ਰਹੀ। ਇਸ ਲਈ ਕੀਮਤਾਂ ਵਧ ਰਹੀਆਂ ਹਨ। ਫੁੱਲ ਕਾਰੋਬਾਰੀ ਆਰਿਫ਼ ਖ਼ਾਨ ਨੇ ਦੱਸਿਆ ਕਿ ਦੀਵਾਲੀ ਦੇ ਨੇੜੇ ਫੁੱਲਾਂ ਦੇ ਭਾਅ ਵਧਣਗੇ। ਖ਼ਾਸਕਰ ਗੈਂਦੇ ਤੇ ਗੁਲਾਬ ਦੇ ਫੁੱਲਾਂ ਦੀਆਂ ਕੀਮਤਾਂ ਵਿੱਚ ਵਾਧੇ ਦੀ ਉਮੀਦ ਹੈ। ਇਹ ਦੋਵੇਂ ਮਾਲਾ ਬਣਾਉਣ ਤੇ ਪੂਜਾ ਕਰਨ ਲਈ ਵਰਤੇ ਜਾਂਦੇ ਹਨ।
ਜਿਹੜੇ ਕਿਸਾਨ ਫੁੱਲਾਂ ਦੀ ਕਾਸ਼ਤ ਕਰ ਰਹੇ ਹਨ, ਉਨ੍ਹਾਂ ਨੇ ਵੀ ਕੀਮਤਾਂ ਵਿੱਚ ਵਾਧਾ ਕੀਤਾ ਹੈ। ਕਰੋਨਾ ਦੌਰਾਨ ਉਨ੍ਹਾਂ ਦੀ ਫੁੱਲਾਂ ਦੀ ਖੇਤੀ ਵੀ ਬਰਬਾਦ ਹੋ ਗਈ ਸੀ। ਹੁਣ ਜਦੋਂ ਫੁੱਲ ਕਾਰੋਬਾਰ ਮੁੜ ਲੀਹ ’ਤੇ ਪਰਤਣ ਲੱਗਾ ਹੈ ਤਾਂ ਕਿਸਾਨਾਂ ਨੇ ਘਾਟੇ ਨੂੰ ਪੂਰਾ ਕਰਨ ਲਈ ਕੀਮਤਾਂ ਵਧਾ ਦਿੱਤੀਆਂ ਹਨ। ਇਹ ਵੀ ਇਕ ਕਾਰਨ ਹੈ ਕਿ ਫੁੱਲਾਂ ਦੀ ਕੀਮਤ ਵਿੱਚ ਵਾਧਾ ਹੋ ਰਿਹਾ ਹੈ। ਇਸ ਵਾਰ ਕਿਸਾਨਾਂ ਨੇ ਫੁੱਲ ਵੀ ਘੱਟ ਬੀਜੇ ਹਨ। ਕਰੋਨਾ ਕਾਰਨ ਧਾਰਮਿਕ ਸਥਾਨ, ਵਿਆਹ ਤੇ ਹੋਰ ਸਮਾਗਮ ਠੱਪ ਹੋ ਗਏ ਸਨ, ਜਿੱਥੇ ਫੁੱਲਾਂ ਦੀ ਖ਼ਪਤ ਸੀ। ਕਿਸਾਨਾਂ ਦੀਆਂ ਖੜ੍ਹੀਆਂ ਫ਼ਸਲਾਂ ਪੱਕ ਕੇ ਸੜ ਗਈਆਂ ਸਨ।