ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 12 ਦਸੰਬਰ
ਦੇਸ਼ ਦੇ ਕਈ ਸੂਬਿਆਂ ਤੋਂ ਆਏ ਸਾਬਕਾ ਫ਼ੌਜੀਆਂ ਨੂੰ ਉਨ੍ਹਾਂ ਦੀਆਂ ਦੇਸ਼ ਲਈ ਸੇਵਾਵਾਂ ਬਦਲੇ ਜਿੱਤੇ ਮੈਡਲ ਦਿੱਲੀ ਪੁਲੀਸ ਨੇ ਰਾਸ਼ਟਰਪਤੀ ਨੂੰ ਵਾਪਸ ਨਹੀਂ ਕਰਨ ਦਿੱਤੇ ਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈਣ ਮਗਰੋਂ ਸਿੰਘੂ ਤੇ ਟਿਕਰੀ ਬਾਰਡਰਾਂ ਉੱਪਰ ਛੱਡ ਦਿੱਤਾ।
ਰਾਜਸਥਾਨ ਰਾਇਫਲਜ਼ ਦੇ ਸਾਬਕਾ ਸੈਨਿਕ ਕਪਿਲ ਨੇ ਦੱਸਿਆ ਕਿ ਰਾਸ਼ਟਰਪਤੀ ਵੱਲੋਂ ਸਮਾਂ ਨਾ ਦਿੱਤੇ ਜਾਣ ਕਰਕੇ 5 ਦਰਜਨ ਸਾਬਕਾ ਸੈਨਿਕ ਅੱਜ ਰਾਸ਼ਟਰਪਤੀ ਭਵਨ ਵੱਲ ਤੁਰੇ ਤਾਂ ਉਨ੍ਹਾਂ ਨੂੰ ਦਿੱਲੀ ਪੁਲੀਸ ਨੇ ਪੀਤਮਪੁਰਾ ਕੋਲ ਹੀ ਰੋਕ ਦਿੱਤਾ। ਫਿਰ ਉਨ੍ਹਾਂ ਨੂੰ ਟਿਕਰੀ ਤੇ ਸਿੰਘੂ ਬਾਰਡਰਾਂ ਉਪਰ ਚੱਲ ਰਹੇ ਕਿਸਾਨ ਧਰਨਿਆਂ ਕੋਲ ਛੱਡ ਦਿੱਤਾ ਗਿਆ। ਸਾਬਕਾ ਸੈਨਿਕ ਸੰਘਰਸ਼ ਕਮੇਟੀ ਦੇ ਪ੍ਰਧਾਨ ਪੀਐੱਸ ਗੋਸਲ ਮੁਤਾਬਕ ਪੰਜ ਹਜ਼ਾਰ ਮੈਡਲ ਇਕੱਠੇ ਕੀਤੇ ਜਾ ਚੁੱਕੇ ਹਨ। ਝੱਜਰ ਦੇ ਬੇਰੀ ਪਿੰਡ ਦੇ ਸਾਬਕਾ ਫ਼ੌਜੀ ਹੌਲਦਾਰ ਬਲਵੰਤ ਸਿੰਘ ਤੇ ਗੁਰਦਾਸਪੁਰ ਤੋਂ ਆਏ ਤਰਲੋਚਨ ਸਿੰਘ ਨੇ ਕਿਹਾ ਕਿ ਉਹ ਕਿਸਾਨਾਂ ਨਾਲ ਖੜ੍ਹੇ ਹਨ।