ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 5 ਅਗਸਤ
ਜ਼ਿਲ੍ਹਾ ਨਗਰ ਯੋਜਨਾਕਾਰ ਸਵਿਤਾ ਜਿੰਦਲ ਨੇ ਕਿਹਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਬਣ ਰਹੀਆਂ ਨਾਜਾਇਜ਼ ਕਲੋਨੀਆਂ ਦੀ ਭੰਨ੍ਹ ਤੋੜ ਦੀ ਕਾਰਵਾਈ ਮਿਥੇ ਪ੍ਰੋਗਰਾਮ ਦੇ ਤਹਿਤ ਕੀਤੀ ਗਈ ਹੈ। ਵਿਭਾਗ ਵੱਲੋਂ ਸ਼ਾਹਬਾਦ ਬਲਾਕ ਦੇ ਪਿੰਡ ਪੱਟੀ ਝਾਮੜਾ ਵਿੱਚ ਕਲੋਨੀ ਦੇ ਚੱਲ ਰਹੇ ਨਾਜਾਇਜ਼ ਨਿਰਮਾਣ ਨੂੰ ਤੇ ਜ਼ਿਲ੍ਹਾ ਕੁਰੂਕਸ਼ੇਤਰ ਵਿੱਚ ਨਾਜਾਇਜ਼ ਢਾਬੇ ਦੇ ਨਿਰਮਾਣ ਨੂੰ ਜੇਸੀਬੀ ਦੀ ਮਦਦ ਨਾਲ ਢਾਹਿਆ ਗਿਆ ਹੈ। ਇੰਨਾ ਹੀ ਨਹੀਂ ਵਿਭਾਗ ਵਲੋਂ ਨਾਜਾਇਜ਼ ਕਲੋਨੀ ਕੱਟਣ ਵਾਲਿਆਂ ਖ਼ਿਲਾਫ਼ ਐੱਫਆਈਆਰ ਵੀ ਦਰਜ ਕਰਾਈ ਗਈ ਸੀ ਤੇ ਸਬੰਧਤ ਤਹਿਸੀਲਦਾਰ, ਨਾਇਬ ਤਹਿਸੀਲਦਾਰ ਨੂੰ ਨਾਜਾਇਜ਼ ਕਲੋਨੀ ਦੀ ਰਜਿਸਟਰੀ ਨਾ ਕਰਨ ਬਾਰੇ ਵੀ ਲਿਖਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਲਈ ਯੂਐੱਚਬੀਵੀਐੱਨ ਦੇ ਕਾਰਜਕਾਰੀ ਐਕਸੀਅਨ ਨੂੰ ਡਿਊਟੀ ਮੈਜਿਸਟਰੇਟ ਨਿਯੁਕਤ ਕੀਤਾ ਗਿਆ ਸੀ। ਇਸ ਦੀ ਅਗਵਾਈ ਹੇਠ ਪੁਲੀਸ ਬਲ ਦੇ ਨਾਲ ਕਲੋਨੀ ਵਿੱਚ ਬਣੇ ਨਿਰਮਾਣ ਕਾਰਜ ਨੂੰ ਹਟਾਇਆ ਗਿਆ। ਉਨ੍ਹਾਂ ਦਸਿੱਆ ਕਿ ਵਿਭਾਗ ਨੂੰ ਪਤਾ ਲੱਗਾ ਹੈ ਕਿ ਸ਼ਾਹਬਾਦ ਦੇ ਪਿੰਡ ਪੱਟੀ ਝਾਮੜਾ, ਪਿੰਡ ਧੰਨਤੋੜੀ ਤੇ ਕੁਰੂਕਸ਼ੇਤਰ ਦੇ ਰਾਸ਼ਟਰੀ ਰਾਜ ਮਾਰਗ 44 ਦੇ ਨਾਲ ਨਾਜਾਇਜ਼ ਢਾਬੇ ਦਾ ਨਿਰਮਾਣ ਭੂ ਮਾਲਕਾਂ ਵੱਲੋਂ ਬਿਨਾਂ ਇਜਾਜ਼ਤ ਕੀਤਾ ਜਾ ਰਿਹਾ ਸੀ। ਵਿਭਾਗ ਵੱਲੋਂ ਪ੍ਰਾਪਰਟੀ ਡੀਲਰਾਂ ਤੇ ਮਾਲਕਾਂ ਨੂੰ ਐੱਚਡੀਆਰ ਐਕਟ 1975 ਦੀਆਂ ਧਰਾਵਾਂ ਦੇ ਤਹਿਤ ਨੋਟਿਸ ਜਾਰੀ ਕਰ ਕਲੋਨੀ ਨਾ ਬਲਾਉਣ ਦੇ ਹੁਕਮ ਦਿੱਤੇ ਸਨ। ਇਸ ਦੇ ਬਾਵਜੂਦ ਵੀ ਉਨ੍ਹਾਂ ਨੇ ਕੰਮ ਨਹੀਂ ਰੋਕੇ। ਜ਼ਿਲ੍ਹਾ ਯੋਜਨਾਕਾਰ ਸਵਿਤਾ ਜਿੰਦਲ ਨੇ ਆਮ ਲੋਕਾਂ ਨੂੰ ਅਪੀਲ ਕਰਦੇ ਕਿਹਾ ਹੈ ਕਿ ਸਸਤੇ ਪਲਾਟਾਂ ਦੇ ਚੱਕਰ ਵਿੱਚ ਆ ਕੇ ਉਹ ਅਜਿਹੇ ਪਲਾਟ ਨਾ ਖਰੀਦਣ। ਜੇ ਕੋਈ ਅਜਿਹੀ ਕਲੋਨੀ ਵਿੱਚ ਪਲਾਟ ਖਰੀਦਦਾ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ।