ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਜੁਲਾਈ
ਕਸ਼ਮੀਰੀ ਗੇਟ ਸਥਿਤ ਅੰਬੇਡਕਰ ਯੂਨੀਵਰਸਿਟੀ ਦੇ ਕੈਂਪਸ ਵਿੱਚ ਸਥਿਤ ਦਾਰਾ ਸ਼ਿਕੋਹ ਦੀ ਲਾਇਬ੍ਰੇਰੀ ਦੀ ਮੁਰੰਮਤ ਕਰਵਾ ਕੇ ਉਸ ਨੂੰ ਨਵੀਂ ਪਛਾਣ ਦਿੱਤੀ ਗਈ ਹੈ। ਇਹ ਲਾਇਬ੍ਰੇਰੀ ਸਾਲਾਂ ਤੋਂ ਖਸਤਾ ਹਾਲਤ ਵਿੱਚ ਸੀ। ਇਸ ਲਾਇਬ੍ਰੇਰੀ ਦੀ ਛੱਤ ਅਤੇ ਕੰਧਾਂ ਸਾਂਭ-ਸੰਭਾਲ ਨਾ ਹੋਣ ਕਾਰਨ ਖਸਤਾ ਹੋ ਗਈਆਂ ਸਨ। ਯਮੁਨਾ ਨਦੀ ਦੇ ਬਿਲਕੁਲ ਨੇੜੇ ਹੋਣ ਕਾਰਨ ਇੱਥੇ ਹਮੇਸ਼ਾ ਹੀ ਨਮੀ ਦੀ ਸਮੱਸਿਆ ਬਣੀ ਰਹਿੰਦੀ ਸੀ। ਇਤਿਹਾਸਕ ਮਹੱਤਤਾ ਵਾਲੀ ਇਸ ਇਮਾਰਤ ਨੂੰ ਸੰਭਾਲਣ ਅਤੇ ਸੁਰਜੀਤ ਕਰਨ ਦੇ ਕੰਮ ਨੂੰ ਪਹਿਲ ਦਿੱਤੀ ਗਈ ਹੈ ਅਤੇ ਜਲਦੀ ਹੀ ਇੱਥੇ ਇੱਕ ਅਜਾਇਬ ਘਰ ਸ਼ੁਰੂ ਕੀਤਾ ਜਾ ਰਿਹਾ ਹੈ।
ਉਧਰ, ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਲੀ ਪੁਰਾਤੱਤਵ ਵਿਭਾਗ ਦੇ ਅਧਿਕਾਰੀਆਂ ਨਾਲ ਵੱਖ-ਵੱਖ ਇਤਿਹਾਸਕ ਇਮਾਰਤਾਂ ਦੀ ਸੰਭਾਲ ਲਈ ਕੀਤੇ ਜਾ ਰਹੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਸ੍ਰੀ ਸਿਸੋਦੀਆ ਨੇ ਕਿਹਾ ਕਿਹਾ ਕਿ ਦਿੱਲੀ ਸਰਕਾਰ ਅਧੀਨ ਕੁੱਲ 71 ਅਜਿਹੀਆਂ ਇਮਾਰਤਾਂ ਹਨ, ਜਿਨ੍ਹਾਂ ਦੇ ਮੁੜ ਵਿਕਾਸ ਦਾ ਕੰਮ ਕੀਤਾ ਜਾ ਰਿਹਾ ਹੈ।
ਕੁਦੇਸੀਆ ਬਾਗ਼ ਦੀ ਸਾਂਭ-ਸੰਭਾਲ ਦਾ ਕੰਮ ਜਾਰੀ
ਕੁਦੇਸੀਆ ਬਾਗ਼ ਦੀ ਸਾਂਭ-ਸੰਭਾਲ ਦਾ ਕੰਮ ਵੀ ਕੀਤਾ ਹੈ। ਇੱਥੋਂ ਦੀਆਂ ਇਮਾਰਤਾਂ ਦੀ ਦੇਖ-ਰੇਖ ਹੀ ਨਹੀਂ ਕੀਤੀ, ਸਗੋਂ ਇੱਥੇ ਮੌਜੂਦ ਬਗੀਚੇ ਨੂੰ ਵੀ ਨਵੀਂ ਦਿੱਖ ਦਿੱਤੀ ਹੈ। ਕੁਦੇਸੀਆ ਬਾਗ ਵਿੱਚ ਇੱਕ ਮਿਊਜ਼ੀਅਮ ਵੀ ਸ਼ੁਰੂ ਕੀਤਾ ਜਾਵੇਗਾ। ਸੁੰਦਰ ਨਗਰ ਸਥਿਤ ਅਜ਼ੀਮਗੰਜ ਸਰਾਏ ਦੀ ਸੁਰੱਖਿਆ ਹੇਠ ਮੁੜ ਵਿਕਾਸ ਦਾ ਕੰਮ ਸਰਕਾਰ ਕਰਵਾ ਰਹੀ ਹੈ। ਸਰਕਾਰ ਵੱਲੋਂ ਇਤਿਹਾਸਕ ਇਮਾਰਤ ਮਲਚਾ ਮਹਿਲ ਦੇ ਮੁੜ ਵਿਕਾਸ ਦਾ ਕੰਮ ਵੀ ਜਲਦੀ ਸ਼ੁਰੂ ਕੀਤਾ ਜਾ ਰਿਹਾ ਹੈ। ਆਜ਼ਾਦੀ ਦੀ 75ਵੀਂ ਵਰ੍ਹੇਗੰਢ ‘ਤੇ ਕੇਜਰੀਵਾਲ ਸਰਕਾਰ ਦੇ ਅਧੀਨ ਦਿੱਲੀ ਦੀਆਂ ਕੁਝ ਪ੍ਰਮੁੱਖ ਇਤਿਹਾਸਕ ਇਮਾਰਤਾਂ ਨੂੰ ਤਿਰੰਗੇ ਦੀ ਰੋਸ਼ਨੀ ਨਾਲ ਰੋਸ਼ਨ ਕੀਤਾ ਜਾਵੇਗਾ।