ਮਨਧੀਰ ਦਿਓਲ
ਨਵੀਂ ਦਿੱਲੀ, 29 ਅਪਰੈਲ
ਦਿੱਲੀ ਸਰਕਾਰ ਵੱਲੋਂ ਅੱਜ ਸਵੇਰੇ ਕਰੋਨਾ ਮਰੀਜ਼ਾਂ ਤੇ ਇਸ ਭਿਆਨਕ ਬਿਮਾਰੀ ਕਾਰਨ ਹੋਈਆਂ ਮੌਤਾਂ ਦੇ ਅੰਕੜੇ ਸੋਧ ਕੇ ਜਾਰੀ ਕੀਤੇ ਗਏ ਜੋ ਬੀਤੀ ਦੇਰ ਰਾਤ ਨਾਲੋਂ ਵੱਖਰੇ ਹਨ। ਸਰਕਾਰੀ ਅੰਕੜਿਆਂ ਮੁਤਾਬਕ ਕੁੱਲ ਮਰੀਜ਼ 44350 ਹਨ ਤੇ ਮੌਤਾਂ ਦੀ ਗਿਣਤੀ 761 ਦੱਸੀ ਗਈ ਹੈ। ਸਿਹਤ ਮਹਿਕਮੇ ਵੱਲੋਂ ਸੋਧ ਕੇ ਭੇਜੇ ਅੰਕੜਿਆਂ ਮੁਤਾਬਕ ਦਿੱਲੀ ਵਿੱਚ ਹੁਣ ਤੱਕ ਕੁੱਲ ਮਰੀਜ਼ 10,98,051 ਹਨ ਤੇ ਮੌਤਾਂ ਦੀ ਕੁੱਲ ਗਿਣਤੀ 15,377 ਦੱਸੀ ਗਈ ਹੈ। ਉਧਰ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਕਿਹਾ ਕਿ ਕਰੋਨਾ ਦੀ ਲਾਗ ਦਰ ਵਿੱਚ ਆਈ ਗਿਰਾਵਟ ਦੇ ਕਾਰਨ, ਦਿੱਲੀ ਵਿੱਚ ਕੋਵਿਡ ਦੇ ਕੰਟਰੋਲ ਦੀ ਉਮੀਦ ਦੀ ਕਿਰਨ ਹੈ। ਚਾਰ ਦਿਨ ਪਹਿਲਾਂ ਲਾਗ ਦੀ ਦਰ 35 ਫ਼ੀਸਦੀ ਤੋਂ ਵੱਧ ਸੀ ਜੋ ਹੁਣ 31.76 ਫ਼ੀਸਦੀ ਹੋ ਗਈ ਹੈ। ਉੱਚ ਆਕਸੀਜਨ ਦੀ ਮੰਗ ਦਿੱਲੀ ਦੇ ਅੰਦਰ ਵਧ ਗਈ ਹੈ। ਇਸ ਲਈ ਸਾਡਾ ਸਭ ਤੋਂ ਵੱਧ ਧਿਆਨ ਆਕਸੀਜਨ ਬੈੱਡ ਨੂੰ ਵਧਾਉਣ ’ਤੇ ਹੈ।
ਬੀਤੀ ਦੇਰ ਰਾਤ ਜੋ ਅੰਕੜਾ ਜਾਰੀ ਕੀਤਾ ਗਿਆ ਸੀ ਉਸ ਤਹਿਤ ਪਹਿਲਾਂ ਦੇ ਮਰੀਜ਼ਾਂ ਤੋਂ ਵੀ ਘੱਟ ਗਿਣਤੀ ਦੱਸੀ ਗਈ ਸੀ ਜੋ ਕੁੱਲ ਮਰੀਜ਼ 10,53,701 ਮਾਮਲੇ ਤੇ 14,616 ਮੌਤਾਂ ਦਰਜ ਹਨ। ਠੀਕ ਹੋਏ ਮਰੀਜ਼ ਵੀ 9,39,333 ਦੇ ਮੁਕਾਬਲੇ 9,82,922 ਦਰਸਾਏ ਗਏ ਹਨ। ਸੋਧੇ ਅੰਕੜਿਆਂ ਵਿਚ ਦਰ ਨੂੰ ਵੀ ਉੱਪਰ ਵੱਲ ਸੋਧ ਕੇ 6.20 ਫ਼ੀਸਦੀ ਤੋਂ 6.46 ਫ਼ੀਸਦੀ ਕੀਤਾ ਗਿਆ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਦਿੱਲੀ ਵਿੱਚ 368 ਕੋਵਿਡ -19 ਮੌਤਾਂ ਅਤੇ 25,986 ਕੇਸਾਂ ਦੀ ਪਾਜ਼ੇਟਿਵ ਦਰ 31.76 ਫ਼ੀਸਦੀ ਦੱਸੀ ਹੈ। ਇਹ ਸੱਤਵਾਂ ਦਿਨ ਸੀ ਜਦੋਂ ਸ਼ਹਿਰ ਵਿਚ ਕਰੋਨਾਵਾਇਰਸ ਕਾਰਨ 300 ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ। ਸਰਕਾਰੀ ਅੰਕੜਿਆਂ ਅਨੁਸਾਰ ਇਸ ਨੇ ਮੰਗਲਵਾਰ ਨੂੰ 381 ਮੌਤਾਂ ਦੀ ਖ਼ਬਰ ਦਿੱਤੀ ਹੈ, ਜੋ ਕਿ ਇੱਕ ਸਾਲ ਪਹਿਲਾਂ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਵੱਧ ਸੀ, ਸੋਮਵਾਰ ਨੂੰ 380, ਐਤਵਾਰ ਨੂੰ 350, ਸ਼ਨੀਵਾਰ ਨੂੰ 357, ਸ਼ੁੱਕਰਵਾਰ ਨੂੰ 348 ਅਤੇ ਵੀਰਵਾਰ ਨੂੰ 306 ਮੌਤਾਂ ਹੋਈਆਂ। ਦੇਰ ਰਾਤ ਤੱਕ ਸਰਕਾਰ ਦੇ ਬੁਲਾਰੇ ਨੂੰ ਪੱਤਰਕਾਰ ਵਾਰ-ਵਾਰ ਅੰਕੜੇ ਜਾਰੀ ਕਰਨ ਲਈ ਬੇਨਤੀਆਂ ਕਰਦੇ ਰਹੇ ਪਰ ਉਨ੍ਹਾਂ ਅੰਕੜਿਆਂ ਵਿੱਚ ਗੜਬੜ ਹੋਣ ਕਰਕੇ ਅਧਿਕਾਰੀਆਂ ਤੋਂ ਪੱਖ ਜਾਨਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਸਿਹਤ ਮਹਿਕਮੇ ਨੇ ਸਵੇਰੇ ਸੋਧੇ ਹੋਏ ਅੰਕੜੇ ਜਾਰੀ ਕੀਤੇ ਹਨ।
ਸਿਹਤ ਮੰਤਰੀ ਜੈਨ ਨੇ ਕਿਹਾ, ‘‘ਦਿੱਲੀ ਵਿਚ ਸਭ ਕੁਝ ਪਾਰਦਰਸ਼ੀ ਹੈ। ਅਸੀਂ ਕਦੇ ਵੀ ਕੁਝ ਨਹੀਂ ਛੁਪਾਉਂਦੇ ਅਤੇ ਨਾ ਹੀ ਹੋਰ ਛੁਪਾਉਂਦੇ ਹਾਂ।’’ ਸ੍ਰੀ ਜੈਨ ਨੇ ਕਿਹਾ ਕਿ ਕੱਲ੍ਹ ਦਿੱਲੀ ਵਿੱਚ ਕਰੋਨਾ ਦੇ 25,986 ਨਵੇਂ ਕੇਸ ਸਾਹਮਣੇ ਆਏ ਸਨ ਤੇ ਲਾਗ ਦੀ ਦਰ 31.76 ਫ਼ੀਸਦੀ ਸੀ। ਪਿਛਲੇ 10 ਤੋਂ 12 ਦਿਨਾਂ ਤੋਂ ਹਰ ਦਿਨ 20 ਹਜ਼ਾਰ ਤੋਂ ਵੱਧ ਮਾਮਲੇ ਦਿੱਲੀ ਆ ਰਹੇ ਹਨ। ਚਾਰ ਦਿਨ ਪਹਿਲਾਂ ਦਿੱਲੀ ਵਿੱਚ ਲਾਗ ਦਰ 35 ਫ਼ੀਸਦੀ ਤੋਂ ਵੱਧ ਚੱਲ ਰਹੀ ਸੀ ਤੇ ਅਜਿਹਾ ਲਗਦਾ ਸੀ ਕਿ ਇਹ ਦਰ 40 ਤੋਂ 45 ਫ਼ੀਸਦੀ ਤੱਕ ਵੱਧ ਜਾਵੇਗੀ ਪਰ ਹੁਣ ਲਾਗ ਦੀ ਦਰ ਥੋੜੀ ਘਟ ਰਹੀ ਹੈ ਤੇ ਹੁਣ ਇਹ 31.76 ਫ਼ੀਸਦੀ ਹੈ। ਸਿਹਤ ਮੰਤਰੀ ਨੇ ਕਿਹਾ ਕਿ ਤਾਲਾਬੰਦੀ ਕਾਰਨ ਲੋਕ ਟੈਸਟ ਲਈ ਘੱਟ ਆ ਰਹੇ ਹਨ। ਸਿਹਤ ਮੰਤਰੀ ਨੇ ਕਿਹਾ ਕਿ ਰਾਜਨੀਤੀ ਦਾ ਇਹ ਸਮਾਂ ਨਹੀਂ ਹੈ। ਜੇ ਕਿਸੇ ਦੀ ਮੌਤ ਦਾ ਸਰਟੀਫਿਕੇਟ ਦਿੱਲੀ ਵਿੱਚ ਨਹੀਂ ਬਣਾਇਆ ਜਾ ਰਿਹਾ ਹੈ ਤਾਂ ਦੱਸੋ। ਹਰ ਕਿਸੇ ਦੀ ਮੌਤ ਦਾ ਸਰਟੀਫਿਕੇਟ ਬਣਾਇਆ ਜਾ ਰਿਹਾ ਹੈ ਤੇ ਇਹ ਲਿਖਿਆ ਹੈ ਕਿ ਕਰੋਨਾ ਨਾਲ ਮੌਤ ਹੋ ਗਈ ਹੈ। ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਜੋ ਵੀ ਮਰੀਜ਼ ਇਸ ਵਾਰ ਲਹਿਰ ਵਿਚ ਆ ਰਹੇ ਹਨ ਉਨ੍ਹਾਂ ਨੂੰ ਵਧੇਰੇ ਆਕਸੀਜਨ ਦੀ ਜ਼ਰੂਰਤ ਹੈ। ਤਕਰੀਬਨ 19 ਹਜ਼ਾਰ ਮਰੀਜ਼ ਦਿੱਲੀ ਦੇ ਵੱਖ ਵੱਖ ਹਸਪਤਾਲਾਂ ਵਿੱਚ ਦਾਖਲ ਹਨ ਤੇ ਉਨ੍ਹਾਂ ਸਾਰਿਆਂ ਨੂੰ ਆਕਸੀਜਨ ਦੀ ਜ਼ਰੂਰਤ ਹੈ। ਲਾਸ਼ਾਂ ਨੂੰ ਲੈ ਜਾਣ ਵਾਲੇ ਵਾਹਨਾਂ ਦੁਆਰਾ ਵਧੇਰੇ ਪੈਸੇ ਦੀ ਵਸੂਲੀ ਦੇ ਸਵਾਲ ‘ਤੇ ਸਿਹਤ ਮੰਤਰੀ ਨੇ ਕਿਹਾ ਕਿ ਅੱਜ ਵੀ ਕੈਬ ਐਬੂਲੈਂਸ ਵਿਚ ਕੋਈ ਮੁਸ਼ਕਲ ਨਹੀਂ ਹੈ। ਕੇਂਦਰ ਸਰਕਾਰ ਵੱਲੋਂ ਐਲ.ਜੀ. ਨੂੰ ਸਾਰੀਆਂ ਸ਼ਕਤੀਆਂ ਦੇਣ ਦੇ ਸਬੰਧ ਵਿੱਚ ਸਿਹਤ ਮੰਤਰੀ ਨੇ ਕਿਹਾ, ‘ਅਸੀਂ ਆਪਣਾ ਕੰਮ ਜਾਰੀ ਰੱਖਾਂਗੇ। ਜੋ ਵੀ ਅਸੀਂ ਜਨਤਾ ਲਈ ਕਰਨਾ ਹੈ, ਅਸੀਂ ਸਾਰੇ ਕੰਮ ਕਰਦੇ ਰਹਾਂਗੇ। ਦਿੱਲੀ ਦੇ ਲੋਕਾਂ ਦੇ ਕੰਮ ਵਿਚ ਜੋ ਵੀ ਰੁਕਾਵਟਾਂ ਆਉਣਗੀਆਂ ਅਸੀਂ ਉਨ੍ਹਾਂ ਨੂੰ ਸਕਾਰਾਤਮਕ ਤੌਰ ‘ਤੇ ਲੈ ਕੇ ਕੰਮ ਕਰਾਂਗੇ।’
ਕਰੋਨਾ ਦੇ ਇਲਾਜ਼ ਲਈ ਅਨੰਦ ਵਿਹਾਰ ਦੇ ਰੇਲਵੇ ਸਟੇਸ਼ਨ ’ਤੇ ਇਕਾਂਤਵਾਸ ਕੋਚ ਤਿਆਰ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦੇਸ਼ ਵਿੱਚ ਕਰੋਨਵਾਇਰਸ ਦੇ ਕੇਸ ਦਿਨੋਂ-ਦਿਨ ਵੱਧਦੇ ਜਾ ਰਹੇ ਹਨ। ਰਾਸ਼ਟਰੀ ਰਾਜਧਾਨੀ ਖ਼ਾਸਕਰ, ਬਹੁਤ ਦਬਾਅ ਹੇਠ ਹੈ ਕਿਉਂਕਿ ਸਿਹਤ ਸੰਭਾਲ ਪ੍ਰਣਾਲੀ ’ਤੇ ਬਹੁਤ ਜ਼ਿਆਦਾ ਭਾਰ ਹੈ ਅਤੇ ਮਰੀਜ਼ ਆਕਸੀਜਨ, ਬਿਸਤਰੇ, ਵੈਂਟੀਲੇਟਰਾਂ, ਜੀਵਨ ਬਚਾਉਣ ਵਾਲੀਆਂ ਦਵਾਈਆਂ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ, ਕੋਵਿਡ -19 ਮਰੀਜ਼ਾਂ ਦੀ ਵੱਧ ਰਹੀ ਗਿਣਤੀ ਨੂੰ ਇਕਾਂਤਵਾਸ ਕਰਨ ਲਈ ਸਥਾਨਾਂ ਦੀ ਜ਼ਰੂਰਤ ਹੈ। ਇਸ ਲਈ 25 ਅਪਰੈਲ ਨੂੰ ਅਨੰਦ ਵਿਹਾਰ ਟਰਮੀਨਲ ਵਿਖੇ 25 ਕੋਵਿਡ ਕੇਅਰ ਇਕਾਂਤਵਾਸ ਕੋਚ ਰੱਖੇ ਗਏ ਹਨ। ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਦਿੱਲੀ ਸਰਕਾਰ ਨੇ ਇਸੇ ਉਦੇਸ਼ ਨਾਲ ਭਾਰਤੀ ਰੇਲਵੇ ਤੋਂ 75 ਕੋਚਾਂ ਦੀ ਮੰਗ ਕੀਤੀ ਹੈ। ਆਨੰਦ ਵਿਹਾਰ ਟਰਮੀਨਲ ਤੋਂ ਇਲਾਵਾ 50 ਰੇਲਵੇ ਕੋਚ ਸ਼ਕੂਰ ਬਸਤੀ ਰੇਲਵੇ ਸਟੇਸ਼ਨ ‘ਤੇ ਵੀ ਰੱਖੇ ਗਏ ਹਨ। ਰਿਪੋਰਟਾਂ ਵਿਚ ਅੱਗੇ ਕਿਹਾ ਗਿਆ ਹੈ ਕਿ ਕੋਵਿਡ ਕੇਅਰ ਇਕਾਂਤਵਾਸ ਕੋਚ ਮੈਡੀਕਲ ਆਕਸੀਜਨ ਸਹੂਲਤਾਂ ਨਾਲ ਲੈਸ ਹਨ। ਇਹ ਦਿੱਲੀ ਨਿਵਾਸੀਆਂ ਲਈ ਕੁਝ ਰਾਹਤ ਦੀ ਗੱਲ ਹੋ ਸਕਦੀ ਹੈ ਕਿਉਂਕਿ ਸ਼ਹਿਰ ਮਾਰੂ ਕਰੋਨਾਵਾਇਰਸ ਦੀ ਭਿਆਨਕ ਲਹਿਰ ਦੀ ਲਪੇਟ ਵਿੱਚ ਹੈ।
ਟੋਹਾਣਾ ਜ਼ਿਲ੍ਹੇ ਵਿੱਚ ਕਰੋਨਾ ਕਾਰਨ ਛੇ ਮੌਤਾਂ, 200 ਨਵੇਂ ਕੇਸ ਆਏ
ਟੋਹਾਣਾ (ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਕਰੋਨਵਾਇਰਸ ਦੀ ਲਾਗ ਕਾਰਨ 6 ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦੋਂਕਿ ਕਰੋਨਾ ਦੇ 200 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਜ਼ਿਲ੍ਹੇ ਵਿੱਚ ਇਸ ਮਹਾਮਾਰੀ ਦੇ ਕੇਸਾਂ ਦਾ ਅੰਕੜਾ ਵੱਧਦਾ ਜਾ ਰਿਹਾ ਹੈ। ਵਿਧਾਇਕ ਦੂੜਾਰਾਮ ਦੀ ਪਤਨੀ ਮਾਲਾਗਿਰੀ ਦੇਵੀ ਵਿੱਚ ਵੀ ਕਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਵਿਧਾਇਕ ਦੂੜਾਰਾਮ ਨੇ ਜਾਂਚ ਲਈ ਸੈਂਪਲ ਦਿੱਤਾ ਹੈ। ਵਿਧਾਇਕ ਨੇ ਖ਼ੁਦ ਨੂੰ ਘਰ ਵਿੱਚ ਇਕਾਂਤਵਾਸ ਕਰ ਲਿਆ ਹੈ। ਵਿਧਾਇਕ ਦੇ ਨਿੱਜੀ ਸਕੱਤਰ ਰਾਜਬੀਰ ਨੇ ਵਿਧਾਇਕ ਨਾਲ ਕੇਵਲ ਮੋਬਾਈਲ ’ਤੇ ਸੰਪਰਕ ਕਰਨ ਦੀ ਸਲਾਹ ਦਿੱਤੀ ਹੈ।