ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 2 ਜੂਨ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਮਨੀ ਲਾਂਡਰਿੰਗ ਮਾਮਲੇ ’ਚ ਸਤਿੰਦਰ ਜੈਨ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਦੇ ਵਿਭਾਗ ਮਨੀਸ਼ ਸਿਸੋਦੀਆ ਨੂੰ ਦਿੱਤੇ ਗਏ ਹਨ। ਸਤਿੰਦਰ ਜੈਨ ਕੋਲ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਵਿੱਚ ਸਿਹਤ, ਉਦਯੋਗ, ਬਿਜਲੀ, ਘਰ, ਸ਼ਹਿਰੀ ਵਿਕਾਸ, ਸਿੰਚਾਈ ਤੇ ਹੜ੍ਹ ਕੰਟਰੋਲ ਅਤੇ ਜਲ ਵਿਭਾਗ ਸਨ। ਇੱਕ ਅਧਿਕਾਰਤ ਨੋਟੀਫਿਕੇਸ਼ਨ ਅਨੁਸਾਰ ਮੌਜੂਦਾ ਸਮੇਂ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਹਿਰਾਸਤ ਤੋਂ ਬਾਅਦ ਦਿੱਲੀ ਦੇ ਮੰਤਰੀ ਸਤਿੰਦਰ ਜੈਨ ਦੇ ਅੱਧੀ ਦਰਜਨ ਤੋਂ ਵੱਧ ਪੋਰਟਫੋਲੀਓ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਸੌਂਪ ਦਿੱਤੇ ਗਏ ਹਨ। ਦੱਸਣਾ ਬਣਦਾ ਹੈ ਕਿ ਸਤਿੰਦਰ ਜੈਨ ਨੂੰ ਈਡੀ ਨੇ ਸੋਮਵਾਰ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਮੰਗਲਵਾਰ ਨੂੰ ਦਿੱਲੀ ਦੀ ਇੱਕ ਅਦਾਲਤ ਨੇ ਉਸ ਨੂੰ 9 ਜੂਨ ਤੱਕ ਈਡੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਸੀ। ਵਿਰੋਧੀ ਧਿਰ ਭਾਜਪਾ ਅਤੇ ਕਾਂਗਰਸ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਮੰਗ ਕੀਤੀ ਸੀ ਕਿ ਜੈਨ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕੀਤਾ ਜਾਵੇ। ਇਸ ਤੋਂ ਪਹਿਲਾਂ ਇਸ ਸਾਲ ਫਰਵਰੀ ’ਚ ਜੈਨ ਤੋਂ ਲੋਕ ਨਿਰਮਾਣ ਵਿਭਾਗ (ਪੀਡਬਲਯੂਡੀ) ਦਾ ਚਾਰਜ ਲੈ ਕੇ ਸਿਸੋਦੀਆ ਨੂੰ ਸੌਂਪਿਆ ਗਿਆ ਸੀ। ਈਡੀ ਵੱਲੋਂ ਜੈਨ ਨੂੰ ਗ੍ਰਿਫ਼ਤਾਰ ਕਰਨ ਦੇ ਬਾਅਦ ਇਹ ਤਬਦੀਲੀ ਹੋਈ ਹੈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਜੈਨ ਦੀ ਗ੍ਰਿਫਤਾਰੀ ਕਾਰਨ ਮੁਹੱਲਾ ਕਲੀਨਿਕ ਅਤੇ ਯਮੁਨਾ ਨਦੀ ਦੀ ਸਫਾਈ ਵਰਗੇ ਕਈ ਮਹੱਤਵਪੂਰਨ ਪ੍ਰਾਜੈਕਟਾਂ ਵਿੱਚ ਦੇਰੀ ਹੋਵੇਗੀ।
ਮਨੀਸ਼ ਸਿਸੋਦੀਆ ’ਚ ਕੀ ਯੋਗਤਾ ਹੈ: ਭਾਜਪਾ
ਦਿੱਲੀ ਭਾਜਪਾ ਦੇ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਨੇ ਕਿਹਾ ਹੈ ਕਿ ਦਿੱਲੀ ਸਰਕਾਰ ਦੇ 18 ਵਿਭਾਗਾਂ ਦਾ ਕੰਮ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਸੌਂਪਣ ਨਾਲ ਦਿੱਲੀ ਦੇ ਲੋਕ ਹੈਰਾਨ ਹਨ। ਦਿੱਲੀ ਸਰਕਾਰ ‘ਚ ਕੁੱਲ 29 ਨਾਮਜ਼ਦ ਵਿਭਾਗ ਹਨ, ਜਿਨ੍ਹਾਂ ‘ਚੋਂ ਵਾਤਾਵਰਣ ਸਮੇਤ 4 ਵਿਭਾਗ ਗੋਪਾਲ ਰਾਏ ਕੋਲ ਹਨ ਜਦਕਿ ਮਨੀਸ਼ ਸਿਸੋਦੀਆ ਕੋਲ ਵਿੱਤ, ਸਿੱਖਿਆ, ਲੋਕ ਨਿਰਮਾਣ, ਸਿਹਤ ਸਮੇਤ 18 ਵਿਭਾਗ ਹਨ, ਬਾਕੀ ਦੋ ਮੰਤਰੀ ਇਮਰਾਨ ਹੁਸੈਨ ਅਤੇ ਰਾਜਿੰਦਰ ਗੌਤਮ ਕੋਲ 2-3 ਵਿਭਾਗ ਹਨ। ਭਾਜਪਾ ਬੁਲਾਰੇ ਨੇ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਵਾਲ ਕੀਤਾ ਹੈ ਕਿ 18 ਵਿਭਾਗ ਵਾਲੇ ਇਕੱਲੇ ਮੰਤਰੀ ਮਨੀਸ਼ ਸਿਸੋਦੀਆ ’ਚ ਕੀ ਯੋਗਤਾ ਹੈ। ਸ੍ਰੀ ਕਪੂਰ ਨੇ ਕਿਹਾ ਹੈ ਕਿ ਇਕ ਮੰਤਰੀ ਨੂੰ ਇੰਨੇ ਵਿਭਾਗ ਦੇਣ ਦੇ ਬੋਝ ਕਾਰਨ ਜਿੱਥੇ ਸਰਕਾਰ ਦਾ ਕੰਮ ਪ੍ਰਭਾਵਿਤ ਹੁੰਦਾ ਹੈ ਉਥੇ ਹੀ ਸਹੀ ਜਾਂਚ ਨਾ ਹੋਣ ਕਾਰਨ ਭ੍ਰਿਸ਼ਟਾਚਾਰ ਦੀਆਂ ਸੰਭਾਵਨਾਵਾਂ ਵੀ ਵਧ ਜਾਂਦੀਆਂ ਹਨ। ਦਿੱਲੀ ਭਾਜਪਾ ਦੇ ਬੁਲਾਰੇ ਨੇ ਮੁੱਖ ਮੰਤਰੀ ਤੋਂ ਪੁੱਛਿਆ ਹੈ ਕਿ ਕੀ ਕਾਰਨ ਹੈ ਕਿ ਉਹ ਆਪਣੇ ਸੀਨੀਅਰ ਸਹਿਯੋਗੀ ਗੋਪਾਲ ਰਾਏ ‘ਤੇ ਵੀ ਭਰੋਸਾ ਨਹੀਂ ਕਰ ਪਾ ਰਹੇ ਹਨ।
ਦਿੱਲੀ ਭ੍ਰਿਸ਼ਟਾਚਾਰ ਦੀ ਰਾਜਧਾਨੀ ਬਣੀ: ਕਾਂਗਰਸ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਹੁਣ ਆਪਣੇ ਭ੍ਰਿਸ਼ਟ ਮੰਤਰੀਆਂ ਨੂੰ ਬਚਾਉਣ ਲਈ ਚਿੰਤਤ ਨਜ਼ਰ ਆ ਰਹੇ ਹਨ। ਹੁਣ ਕੇਜਰੀਵਾਲ ਮਨੀਸ਼ ਸਿਸੋਦੀਆ ਨੂੰ ਬਚਾਉਣ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਮਨੀਸ਼ ਸਿਸੋਦੀਆ ਨੇ ਐੱਲ.-1 ਲਾਇਸੈਂਸ ਦੀਆਂ ਸ਼ਰਤਾਂ ਦੇ ਉਲਟ ਜਾ ਕੇ ਭ੍ਰਿਸ਼ਟਾਚਾਰ ਕਰਕੇ ਸ਼ਰਾਬ ਦੇ ਠੇਕਿਆਂ ਦੇ ਲਾਇਸੈਂਸ ਵੰਡੇ, ਜਿਸ ਵਿਚ ਹਜ਼ਾਰਾਂ ਕਰੋੜ ਰੁਪਏ ਦਾ ਨਾਜਾਇਜ਼ ਲੈਣ-ਦੇਣ ਹੋਇਆ ਹੈ। ਦਿੱਲੀ ਕਾਂਗਰਸ ਸਾਰੇ ਸਬੂਤਾਂ ਦੇ ਨਾਲ ਪੁਲੀਸ ਕਮਿਸ਼ਨਰ ਨੂੰ ਮਿਲੇਗੀ ਅਤੇ ਸ਼ਿਕਾਇਤ ਦਰਜ ਕਰਵਾਏਗੀ।