ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਸਤੰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਐੱਮਸੀ) ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਅਗਲੇ ਸਾਲ ਲਾਲ ਕਿਲ੍ਹਾ ਮੈਦਾਨ ’ਚ ‘ਦਿੱਲੀ ਫ਼ਤਿਹ ਦਿਵਸ’ ਸਬੰਧੀ ਹੋਣ ਵਾਲੇ ਸਮਾਗਮ ਜੱਸਾ ਸਿੰਘ ਰਾਮਗੜ੍ਹੀਆ ਦੀ 300ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਕਰਨ ਦਾ ਐਲਾਨ ਕੀਤਾ ਹੈ। ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਰਮੀਤ ਸਿੰਘ ਕਾਲਕਾ ਤੇ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਸ਼ਤਾਬਦੀ ਸਬੰਧੀ ਸਮਾਗਮ ਮਨਾਉਣ ਲਈ ਦਿੱਲੀ ਕਮੇਟੀ ਵੱਲੋਂ 11 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ। ਕਾਲਕਾ ਅਤੇ ਕਾਹਲੋਂ ਨੇ ਦੱਸਿਆ ਕਿ ਦਿੱਲੀ ਫ਼ਤਹਿ ਦਿਵਸ ਸਬੰਧੀ ਸਮਾਗਮ ਜੱਸਾ ਸਿੰਘ ਰਾਮਗੜ੍ਹੀਆ ਦੀ 300ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਕਰਨ ਦਾ ਐਲਾਨ ਇੰਨੀ ਛੇਤੀ ਇਸ ਲਈ ਕੀਤਾ ਗਿਆ ਹੈ ਤਾਂ ਕਿ ਜੱਸਾ ਸਿੰਘ ਰਾਮਗੜ੍ਹੀਆ ਦੇ ਇਤਿਹਾਸ ਬਾਰੇ ਇਕੱਠੀ ਜਾਣਕਾਰੀ ਦਿੱਲੀ ਕਮੇਟੀ ਕੋਲ ਪੁੱਜ ਸਕੇ ਤੇ ਉਸ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਵੱਲੋਂ ਮਨਾਏ ਗਏ ਪਿਛਲੇ ਕੁਝ ਸਮਾਗਮਾਂ ਦੌਰਾਨ ਇਹ ਗੱਲ ਵੇਖਣ ਨੂੰ ਮਿਲੀ ਕਿ ਕੁਝ ਤੱਥ-ਭਰਪੂਰ ਜਾਣਕਾਰੀਆਂ ਪ੍ਰੋਗਰਾਮ ਉਲੀਕੇ ਜਾਣ ਦੇ ਅੰਤਮ ਸਮੇਂ ’ਚ ਖੋਜਕਰਤਾਵਾਂ ਤੇ ਇਤਿਹਾਸਕਾਰਾਂ ਵੱਲੋਂ ਮੁਹੱਈਆ ਕਰਵਾਈ ਗਈ ਜਿਸ ਨੂੰ ਅਚਨਚੇਤ ਸ਼ਾਮਲ ਕੀਤਾ ਗਿਆ ਸੀ। ਭਵਿੱਖ ਵਿੱਚ ਅਜਿਹਾ ਨਾ ਹੋਵੇ ਅਤੇ ਸਮਾਗਮਾਂ ਨੂੰ ਸ਼ਾਨਾਮੱਤੇ ਢੰਗ ਨਾਲ ਮਨਾਇਆ ਜਾ ਸਕੇ, ਨੂੰ ਮੁੱਖ ਰੱਖਦੇ ਹੋਏ ਜੱਸਾ ਸਿੰਘ ਰਾਮਗੜ੍ਹੀਆ ਦਾ ਸ਼ਤਾਬਦੀ ਦਿਵਸ ਮਨਾਏ ਜਾਣ ਦਾ ਐਲਾਨ ਇਨ੍ਹਾਂ ਕਾਰਨਾਂ ਕਰਕੇ ਛੇਤੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੱਸਾ ਸਿੰਘ ਰਾਮਗੜ੍ਹੀਆ ਨੇ ਮੁਗਲ ਸ਼ਾਸਕ ਔਰੰਗਜ਼ੇਬ ਕੋਲੋਂ ਲਾਲ ਕਿਲ੍ਹਾ ਖੋਹ ਕੇ ਉਸ ’ਚ ਨਿਸ਼ਾਨ ਸਾਹਿਬ ਲਹਿਰਾਇਆ ਸੀ। ਲਾਲ ਕਿਲ੍ਹਾ ਜਿੱਤਣ ਤੋਂ ਬਾਅਦ ਉਹ ਔਰੰਗਜ਼ੇਬ ਦੇ ਤਖ਼ਤ ਦਾ ਫਰਸ਼ ਉਖਾੜ ਕੇ ਉਸ ਨੂੰ ਅੰਮ੍ਰਿਤਸਰ ਲੈ ਕੇ ਗਏ ਸਨ।