ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਮਈ
ਦਿੱਲੀ ਹਾਈ ਕੋਰਟ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲਦੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਤਨਖ਼ਾਹ ਦੇ ਬਕਾਏ ਦੇ ਮਾਮਲੇ ਵਿੱਚ ਅਦਾਲਤੀ ਮਾਣਹਾਨੀ ਬਾਰੇ ਪਾਈਆਂ 41 ਪਟੀਸ਼ਨਾਂ ਦੀ ਇਕੱਠਿਆਂ ਸੁਣਵਾਈ ਕੀਤੀ। ਹਾਈ ਕੋਰਟ ਨੇ ਦਿੱਲੀ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਕੋਲੋਂ ਸਕੂਲਾਂ ਦੀ ਪ੍ਰਬੰਧ ਯੋਜਨਾ ਦਾ ਖਾਕਾ ਮੰਗਿਆ ਗਿਆ ਹੈ। ਮਾਮਲੇ ਦੀ ਅਗਲੀ ਸੁਣਵਾਈ 2 ਜੂਨ ਨੂੰ ਹੋਵੇਗੀ। ਦਿੱਲੀ ਕਮੇਟੀ ਦੇ ਸਕੂਲਾਂ ਦੇ ਅਮਲੇ ਦਾ 6ਵੇਂ ਤਨਖ਼ਾਹ ਕਮਿਸ਼ਨ ਸਮੇਤ ਅੱਗੋਂ 7ਵੇਂ ਤਨਖ਼ਾਹ ਕਮਿਸ਼ਨ ਦਾ ਵੱਡਾ ਬਕਾਇਆ ਬਾਕੀ ਹੈ। ਅਦਾਲਤ ਵੱਲੋਂ ਇਹ ਬਕਾਇਆ ਦੇਣ ਬਾਬਤ ਫ਼ੈਸਲੇ ਕੀਤੇ ਗਏ ਸਨ ਜੋ ਪ੍ਰਬੰਧਕ ਪੂਰੇ ਨਾ ਕਰ ਸਕੇ। ਸਕੂਲਾਂ ਦੇ ਅਮਲੇ ਵੱਲੋਂ ਮਾਣਹਾਨੀ ਦੇ ਦਾਅਵੇ ਕੀਤੇ ਗਏ ਤੇ ਹੁਣ ਸਾਰੀਆਂ ਪਟੀਸ਼ਨਾਂ ਇੱਕਠੀਆਂ ਕਰਨ ਮਗਰੋਂ ਮਾਮਲੇ ਦੀ ਸੁਣਵਾਈ ਅਹਿਮ ਪੜਾਅ ਉੱਤੇ ਪੁੱਜ ਗਈ ਹੈ।