ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਅਕਤੂਬਰ
ਦਿੱਲੀ ਨਗਰ ਨਿਗਮ ਦੀ ਆਨਲਾਈਨ ਪ੍ਰਣਾਲੀ ਦਾ ਲਾਹਾ ਚੁੱਕਦਿਆਂ ਗ਼ੈਰ-ਕਾਨੂੰਨੀ ਕਲੋਨੀਆਂ ਵਿੱਚ ਨਕਸ਼ੇ ਪਾਸ ਕਰਨ ਦੇ ਨਾਲ-ਨਾਲ ਉਸਾਰੀ ਮੁਕੰਮਲ ਹੋਣ ਦਾ ਸਰਟੀਫਿਕੇਟ ਵੀ ਦਿੱਤਾ। ਨਿਗਮ ਨੇ ਆਪਣੀ ਪੈਨਲ ਸੂਚੀ ਵਿੱਚੋਂ ਦੋ ਆਰਕੀਟੈਕਟ ਸ਼ੁਭਮ ਕੁਮਾਰ, ਰਾਜੀਵ ਅਤੇ ਇੰਜਨੀਅਰ ਤਨੁਜ ਕੁਮਾਰ ਨੂੰ ਹਟਾ ਦਿੱਤਾ ਹੈ ਤੇ ਤਿੰਨ ਸਾਲ ਲਈ ਬਲੈਕਲਿਸਟ ਕੀਤਾ ਹੈ। ਇਹ ਨਕਸ਼ੇ ਪਾਸ ਕੀਤੇ ਗਏ ਸਨ ਪਰ ਨਿਰਧਾਰਤ ਨਿਯਮਾਂ ਦੇ ਉਲਟ ਬਣੀਆਂ ਜਾਇਦਾਦਾਂ ਦੇ ਸਨ। ਜ਼ਿਆਦਾਤਰ ਜਾਇਦਾਦਾਂ ਛਤਰਪੁਰ ਪਿੰਡ, ਛੱਤਰਪੁਰ ਐਕਸਟੈਂਸ਼ਨ ਵਿੱਚ ਹਨ ਤੇ ਕੁਝ ਜਾਇਦਾਦਾਂ ਦਿਓਲੀ ਐਕਸਟੈਂਸ਼ਨ ਵਿੱਚ ਹਨ। ਇਹ ਖੇਤਰ ਦੱਖਣੀ ਦਿੱਲੀ ਦੇ ਮਹਿੰਗੇ ਖੇਤਰਾਂ ਵਿੱਚੋਂ ਇੱਕ ਹਨ, ਜਿੱਥੇ ਜਾਇਦਾਦਾਂ ਦਾ ਰੇਟ ਲੱਖਾਂ ਰੁਪਏ ਪ੍ਰਤੀ ਗਜ਼ ਹੈ। ਰਾਜਧਾਨੀ ਵਿੱਚ ਯੂਨੀਫਾਈਡ ਬਿਲਡਿੰਗ ਉਪ-ਨਿਯਮ ਲਾਗੂ ਹਨ। ਇਸ ਵਿੱਚ 105 ਵਰਗ ਮੀਟਰ ਤੱਕ ਦੇ ਨਕਸ਼ੇ ਪਾਸ ਕਰਨ ਦੀ ਵੀ ਲੋੜ ਨਹੀਂ ਹੈ ਸਿਰਫ਼ ਇੱਕ ਨੋਟਿਸ ਦੇਣਾ ਪਵੇਗਾ। ਜਦੋਂ ਕਿ 500 ਵਰਗ ਮੀਟਰ ਤੱਕ ਦੇ ਨਕਸ਼ੇ ਨਿਗਮ ਦੇ ਪੈਨਲ ਵਿੱਚ ਦਰਜ ਪ੍ਰਾਈਵੇਟ ਇੰਜਨੀਅਰਾਂ ਤੇ ਆਰਕੀਟੈਕਟਾਂ ਦੇ ਹਲਫ਼ਨਾਮਿਆਂ ਦੇ ਆਧਾਰ ’ਤੇ ਪਾਸ ਕੀਤੇ ਜਾਂਦੇ ਹਨ। ਨਿਗਮ ਦੇ ਇਸ ਕਾਨੂੰਨ ਦਾ ਫਾਇਦਾ ਉਠਾਉਂਦੇ ਹੋਏ ਆਰਕੀਟੈਕਟ ਤੇ ਇੰਜੀਨੀਅਰਾਂ ਨੇ ਨਾਜਾਇਜ਼ ਕਲੋਨੀ ਦੇ ਨਕਸ਼ੇ ਪਾਸ ਕਰਵਾ ਲਏ। ਜਾਂਚ ਵਿੱਚ ਸਾਹਮਣੇ ਆਇਆ ਕਿ ਦੋ ਆਰਕੀਟੈਕਟ ਤੇ ਇੱਕ ਇੰਜਨੀਅਰ ਨੇ ਮਿਲ ਕੇ 11 ਅਜਿਹੀਆਂ ਜਾਇਦਾਦਾਂ ਦੇ ਨਕਸ਼ੇ ਹਾਸਲ ਕੀਤੇ ਜੋ ਗੈਰ-ਕਾਨੂੰਨੀ ਕਲੋਨੀਆਂ ਵਿੱਚ ਸਨ। ਉਨ੍ਹਾਂ ਦੀ ਉਸਾਰੀ ਨੂੰ ਨਿਯਮਾਂ ਅਨੁਸਾਰ ਮੁਕੰਮਲ ਹੋਣ ਦਾ ਸਰਟੀਫਿਕੇਟ ਵੀ ਦਿੱਤਾ ਗਿਆ। ਇਨ੍ਹਾਂ ਦੇ ਪਲਾਟ 18 ਤੋਂ 22 ਮੀਟਰ ਤੱਕ ਸਨ।