ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਜੁਲਾਈ
ਰਿੰਗ ਰੋਡ ਉਪਰ ਭਰਿਆ ਇੱਕ ਕੰਟੇਨਰ ਇੱਕ ਵੈਨ ਉਪਰ ਉਲਟ ਗਿਆ ਜਿਸ ਕਾਰਨ ਵੈਨ ਵਿੱਚ ਸਵਾਰ ਦੋ ਔਰਤਾਂ ਤੇ ਇਕ 18 ਮਹੀਨਿਆਂ ਦੇ ਬੱਚੇ ਸਮੇਤ ਸਵਾਰ ਕੁੱਲ 6 ਵਿਅਕਤੀ ਜ਼ਖ਼ਮੀ ਹੋ ਗਏ। ਵਾਰਦਾਤ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਉਸ ਦੀ ਭਾਲ ਲਈ ਕੋਸ਼ਿਸ਼ਾਂ ਜਾਰੀ ਹਨ। ਇਹ ਹਾਦਸਾ ਸਵੇਰੇ 6 ਵਜੇ ਦੇ ਕਰੀਬ ਰਿੰਗ ਰੋਡ ’ਤੇ ਵਾਪਰਿਆ। ਪੁਲੀਸ ਨੇ ਦੱਸਿਆ ਕਿ ਵੈਨ ਵਿੱਚ ਦੋ ਔਰਤਾਂ ਤੇ ਇੱਕ 18 ਮਹੀਨੇ ਦਾ ਲੜਕੇ ਸਣੇ ਛੇ ਵਿਅਕਤੀ ਸਵਾਰ ਸਨ। ਉਹ ਦੁਆਰਕਾ ਵਾਲੇ ਪਾਸਿਓਂ ਆ ਰਹੇ ਸਨ ਤੇ ਉੱਤਰ ਪ੍ਰਦੇਸ਼ ਦੇ ਬਾਗਪਤ ਵੱਲ ਜਾ ਰਹੇ ਸਨ। ਜਦੋਂ ਪੁਲੀਸ ਮੌਕੇ ’ਤੇ ਪਹੁੰਚੀ, ਤਾਂ ਉਨ੍ਹਾਂ ਦੇਖਿਆ ਕਿ ਕੰਟੇਨਰ ਟਰੱਕ ਈਕੋ ਵੈਨ ’ਤੇ ਪਲਟ ਗਿਆ ਸੀ ਜਿਸ ਨਾਲ ਛੇ ਵਿਅਕਤੀ ਜ਼ਖਮੀ ਹੋ ਗਏ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵਿੱਚੋਂ ਚਾਰ ਨੂੰ ਪਹਿਲਾਂ ਬਚਾਇਆ ਗਿਆ ਤੇ ਤੁਰੰਤ ਨੇੜਲੇ ਹਸਪਤਾਲ ਵਿੱਚ ਭੇਜਿਆ ਗਿਆ। ਦੋ ਹੋਰ ਜੋ ਅੰਦਰ ਫਸੇ ਸਨ ਨੂੰ ਭਰੇ ਕੰਟੇਨਰ ਨੂੰ ਚੁੱਕ ਕੇ ਵਾਹਨ ਦੀ ਛੱਤ ਕੱਟ ਕੇ ਬਚਾਇਆ ਗਿਆ। ਉਨ੍ਹਾਂ ਕਿਹਾ ਕਿ ਦਾਲਾਂ ਨਾਲ ਭਰੇ ਕੰਟੇਨਰ ਨੂੰ ਕ੍ਰੇਨ ਦੀ ਵਰਤੋਂ ਕਰਦਿਆਂ ਚੁੱਕਿਆ ਗਿਆ। ਜ਼ਖਮੀਆਂ ਨੂੰ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਵਿਚੋਂ ਕੁਝ ਦੀਆਂ ਹੱਡੀਆਂ ਟੁੱਟ ਗਈਆਂ, ਜਦਕਿ ਕੁਝ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਅਧਿਕਾਰੀ ਨੇ ਦੱਸਿਆ ਕਿ ਜ਼ਖਮੀਆਂ ਵਿਚੋਂ ਦੋ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ ਜਦੋਂ ਕਿ 4 ਅਜੇ ਹਸਪਤਾਲ ਵਿਚ ਭਰਤੀ ਹਨ।