ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਜੂਨ
ਇੱਥੇ ਅੱਜ ਕਾਂਗਰਸ ਉਮੀਦਵਾਰ ਪ੍ਰੇਮਲਤਾ ਨੇ ਆਮ ਆਦਮੀ ਪਾਰਟੀ ਤੇ ਇਸ ਦੇ ਮੁਖੀ ਅਰਵਿੰਦ ਕੇਜਰੀਵਾਲ ’ਤੇ ਰਾਜਿੰਦਰ ਨਗਰ ਵਿਧਾਨ ਸਭਾ ਵਿਚ ਸੰਭਾਵਿਤ ਹਾਰ ਦੇ ਮੱਦੇਨਜ਼ਰ ਉਪ-ਚੋਣ ਵਿਚ ਗੈਰ-ਕਾਨੂੰਨੀ, ਅਨੈਤਿਕ, ਝੂਠ ਅਤੇ ਧੋਖੇ ਦਾ ਸਹਾਰਾ ਲੈ ਕੇ ਜਨਤਾ ਨੂੰ ਲੁਭਾਉਣ ਦਾ ਦੋਸ਼ ਲਗਾਇਆ ਹੈ। ਸ੍ਰੀਮਤੀ ਪ੍ਰੇਮਲਤਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਚਲਾਕੀ ’ਤੇ ਉਤਰ ਆਈ ਹੈ। ਉਨ੍ਹਾਂ ਨੇ ਇਕ ਪਾਸੇ ਆਮ ਆਦਮੀ ਪਾਰਟੀ ’ਤੇ ਸਤਿੰਦਰ ਜੈਨ ਦੇ ਮਾਮਲੇ ਵਿੱਚ ਸੋਸ਼ਲ ਮੀਡੀਆ ’ਤੇ ਗੁੰਮਰਾਹਕੁੰਨ ਸਮੱਗਰੀ ਸ਼ੇਅਰ ਕਰਕੇ ਮੀਡੀਆ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਅਤੇ ਦੂਜੇ ਪਾਸੇ ਪੈਸੇ ਦੀ ਤਾਕਤ ਦੀ ਵਰਤੋਂ ਕਰਕੇ ਚੋਣ ਕਮਿਸ਼ਨ ਦੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ। ਸ੍ਰੀਮਤੀ ਪ੍ਰੇਮਲਤਾ ਨੇ ਅੱਜ ਸਵੇਰੇ ਪਿੰਡ ਨਰਆਣਾ ਦੇ ‘ਸੀ’ ਬਲਾਕ ਵਿੱਚ ਪੈਦਲ ਯਾਤਰਾ ਕੀਤੀ ਅਤੇ ਸਵਦੇਸ਼ੀ ਲਾਲ ਚੌਕ ਵਿੱਚ ਨੁੱਕੜ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਕਾਂਗਰਸ ਪਾਰਟੀ ਵੱਲੋਂ ਨੁੱਕੜ ਨਾਟਕ ਵੀ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਰਾਜਿੰਦਰ ਨਗਰ ਵਿਧਾਨ ਸਭਾ ਜ਼ਿਮਨੀ ਚੋਣ ‘ਚ ਪ੍ਰਚਾਰ ਦੀ ਜ਼ਿੰਮੇਵਾਰੀ ਕੇਜਰੀਵਾਲ ਵੱਲੋਂ ਖੁਦ ਸੰਭਾਲਣਾ ਸਾਬਤ ਕਰਦਾ ਹੈ ਕਿ ਇੱਥੇ ਆਮ ਆਦਮੀ ਪਾਰਟੀ ਚੋਣ ਹਾਰ ਰਹੀ ਹੈ। ਚੋਣਾਂ ਵਿੱਚ ਹੋਈ ਹਾਰ ਨੂੰ ਦੇਖ ਕੇ ਜਨਤਾ ਤੋਂ ਹਮਦਰਦੀ ਹਾਸਲ ਕਰਨ ਲਈ ‘ਆਪ’ ਪਾਰਟੀ ਵੱਲੋਂ ਸਤਿੰਦਰ ਜੈਨ ਦੀ ਫੋਟੋ ਵਾਇਰਲ ਕੀਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਹੋਰ ਵੀ ਕਾਂਗਰਸੀ ਵਰਕਰ ਮੌਜੂਦ ਸਨ।