ਪੱਤਰ ਪ੍ਰੇਰਕ
ਨਵੀਂ ਦਿੱਲੀ: 25 ਫਰਵਰੀ
ਆਮ ਆਦਮੀ ਪਾਰਟੀ (ਆਪ) ਨੇ ਕਾਲਕਾਜੀ ਦੇ ਪੂਰਨਿਮਾ ਸੇਠੀ ਹਸਪਤਾਲ ਦੀ ਖਸਤਾ ਹਾਲਤ ਦੀ ਵੀਡੀਓ ਦਿਖਾਉਂਦੇ ਹੋਏ ਦੱਖਣੀ ਦਿੱਲੀ ਦੇ ਸੰਸਦ ਮੈਂਬਰ ਰਮੇਸ਼ ਬਿਧੀ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਇਕੱਠੇ ਹੋ ਕੇ ਹਸਪਤਾਲ ਦੀ ਅਸਲ ਹਾਲਤ ਦੇਖਣ। ‘ਆਪ’ ਦੇ ਹਲਕਾ ਇੰਚਾਰਜ ਦੁਰਗੇਸ਼ ਪਾਠਕ ਨੇ ਕਿਹਾ ਕਿ ਹਸਪਤਾਲ ਦੀ ਬੇਸਮੈਂਟ ਪਾਣੀ ਨਾਲ ਭਰੀ ਹੋਈ ਹੈ, ਕੰਧਾਂ ਵਿੱਚ ਤਰੇੜਾਂ ਹਨ, ਸੀਮਿੰਟ ਨਿਕਲ ਰਿਹਾ ਹੈ ਜਿਸ ਤੋਂ ਲੱਗਦਾ ਹੈ ਕਿ ਇਮਾਰਤ ਕਿਸੇ ਵੇਲੇ ਵੀ ਡਿੱਗ ਸਕਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਐੱਮਸੀਡੀ ਨੇ 9 ਕਰੋੜ ਦੀ ਲਾਗਤ ਵਾਲੇ ਹਸਪਤਾਲ ਵਿੱਚ 60-70 ਕਰੋੜ ਦਾ ਨਿਵੇਸ਼ ਕੀਤਾ ਹੈ। ਹਸਪਤਾਲ 2012 ਵਿੱਚ ਬਣਨਾ ਸੀ ਪਰ 2021 ਵਿੱਚ ਮੁਕੰਮਲ ਹੋਣ ਦੇ ਇਮਾਰਤ ਨਵੀਂ ਹੋਣ ਦੇ ਬਾਵਜੂਦ ਖਸਤਾ ਹਾਲਤ ਵਿੱਚ ਹੈ। ਇਸ ਦੇ ਨਾਲ ਹੀ ਦੱਖਣੀ ਐੱਮਸੀਡੀ ਦੇ ਪ੍ਰੇਮ ਚੌਹਾਨ ਨੇ ਕਿਹਾ ਕਿ ਭਾਜਪਾ ਦੀ ਐਮਸੀਡੀ ਨੂੰ ਦੱਸਣਾ ਚਾਹੀਦਾ ਹੈ ਕਿ ਹਸਪਤਾਲ ਦੀ ਮਿੱਟੀ ਦੀ ਪਰਖ ਰਿਪੋਰਟ ਕਿੱਥੇ ਹੈ। ਮਲਟੀਸਪੈਸ਼ਲਿਸਟ ਹਸਪਤਾਲ ਹੋਣ ਦੇ ਬਾਵਜੂਦ ਦਵਾਈਆਂ ਦੇ ਨਾਂ ‘ਤੇ ਸਿਰਫ ਪੈਰਾਸੀਟਾਮੋਲ ਹੀ ਦੇ ਰਿਹਾ ਹੈ। ਦੁਰਗੇਸ਼ ਪਾਠਕ ਨੇ ਸ਼ੁੱਕਰਵਾਰ ਨੂੰ ਪਾਰਟੀ ਹੈੱਡਕੁਆਰਟਰ ‘ਤੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਇਹ ਵੀਡੀਓ ਹਸਪਤਾਲਾਂ ਦੇ ਰੱਖ-ਰਖਾਅ ਨੂੰ ਲੈ ਕੇ ਭਾਜਪਾ ਦੀ ਲਾਪਰਵਾਹੀ ਨੂੰ ਦਰਸਾਉਂਦੀ ਹੈ। ਪੂਰਨਿਮਾ ਸੇਠੀ ਹਸਪਤਾਲ ਭਾਜਪਾ ਸ਼ਾਸਤ ਐਮਸੀਡੀ ਅਧੀਨ ਆਉਂਦਾ ਹੈ। ਇਸ ਹਸਪਤਾਲ ਨੂੰ 2007 ਵਿੱਚ ਮਨਜ਼ੂਰੀ ਦਿੱਤੀ ਗਈ ਸੀ ਤੇ ਉਸ ਸਮੇਂ ਇਸ ਦਾ ਰੇਟ 9 ਕਰੋੜ ਰੁਪਏ ਤੈਅ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਹਸਪਤਾਲ 2012 ਵਿੱਚ ਬਣ ਕੇ ਤਿਆਰ ਹੋ ਜਾਣਾ ਸੀ, ਪਰ ਇਹ 2021 ਵਿੱਚ ਬਣਕੇ ਤਿਆਰ ਹੋਇਆ। ਇੰਨਾ ਹੀ ਨਹੀਂ ਹਸਪਤਾਲ 9 ਕਰੋੜ ‘ਚ ਬਣਨਾ ਸੀ ਪਰ ਭਾਜਪਾ ਨੇ ਇਸ ਨੂੰ ਬਣਾਉਣ ‘ਚ 60-70 ਕਰੋੜ ਖਰਚ ਕਰ ਦਿੱਤੇ। ਫਿਰ ਵੀ ਇੱਥੇ 24 ਘੰਟੇ ਤੇ 12 ਮਹੀਨੇ ਪਾਣੀ ਰਹਿੰਦਾ ਹੈ।