ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਦਸੰਬਰ
ਨਵੀਂ ਦਿੱਲੀ ਦੇ ਜੀਟੀਬੀ ਨਗਰ ਸਥਿਤ ਰਾਜਨ ਬਾਬੂ ਇੰਸਟੀਚਿਊਟ ਆਫ ਪਲਮੋਨਰੀ ਮੈਡੀਸਨ ਐਂਡ ਟੀ.ਬੀ. ਦੇ ਚਾਰ ਮੰਜ਼ਿਲਾ ਵਾਰਡ ’ਚ 100 ਦੇ ਕਰੀਬ ਮਰੀਜ਼ ਦਾਖਲ ਹਨ ਜਿਨ੍ਹਾਂ ’ਚੋਂ ਜ਼ਿਆਦਾਤਰ ਟੀਬੀ ਤੇ ਫੇਫੜਿਆਂ ਨਾਲ ਸਬੰਧਤ ਬੀਮਾਰੀਆਂ ਤੋਂ ਪੀੜਤ ਹਨ। ਭਾਵੇਂ ਕਿ ਬਾਹਰ ਲੱਗੇ ਬੋਰਡ ’ਤੇ ‘ਇਹ ਇਮਾਰਤ ਖ਼ਤਰਨਾਕ ਹੈ ਅੱਗੇ ਜਾਣ ਦੀ ਮਨਾਹੀ ਹੈ’ ਦੱਸਿਆ ਗਿਆ ਹੈ। ਨਗਰ ਨਿਗਮ ’ਤੇ ਰਾਜ ਕਰਨ ਵਾਲੀ ਭਾਜਪਾ ਤੇ ‘ਆਪ’ ਵਿਚਕਾਰ ਸਿਆਸੀ ਤਲਖੀ ਵੀ ਪੈਦਾ ਹੋ ਗਈ ਹੈ। ‘ਆਪ’ ਵਿਧਾਇਕਾ ਆਤਿਸ਼ੀ ਨੇ ਭਾਜਪਾ ਉੱਤੇ ‘ਦਿੱਲੀ ਵਾਸੀਆਂ ਦੀਆਂ ਜਾਨਾਂ ਨਾਲ ਬੇਰਹਿਮੀ ਨਾਲ ਖੇਡਣ’ ਦਾ ਦੋਸ਼ ਲਗਾਇਆ ਹੈ। ਹਸਪਤਾਲ ਦੀ ਹਰ ਮੰਜ਼ਿਲ ਵਿੱਚ ਮਰੀਜ਼ਾਂ ਦੇ ਕਮਰਿਆਂ ਦੇ ਨਾਲ ਇੱਕ ਜਾਂ ਦੋ ਹਾਲ ਹਨ ਅਤੇ ਮੈਡੀਕਲ ਸਟਾਫ਼ ਲਈ ਇੱਕ ਕਮਰਾ ਹੈ। ਅਧਿਕਾਰੀਆਂ ਅਨੁਸਾਰ ਇਮਾਰਤ ਦੇ ਸਿਰਫ਼ ਇੱਕ ਹਿੱਸੇ ਨੂੰ ਹੀ ਖ਼ਤਰਨਾਕ ਐਲਾਨਿਆ ਗਿਆ ਹੈ ਪਰ ਸੂਤਰਾਂ ਅਨੁਸਾਰ ਨਿਗਮ ਕੋਲ ਮੁਰੰਮਤ ਦੇ ਕੰਮਾਂ ਲਈ ਫੰਡ ਨਾ ਹੋਣ ਕਾਰਨ ਇਹ ਸਰਕਾਰੀ ਐਲਾਨ ਤੋਂ ਟਾਲਾ ਵੱਟ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਇਸ ਦੌਰਾਨ ਇਸ ਨੇ ਇਮਾਰਤ ਦੇ ਢਾਂਚਾਗਤ ਸੁਰੱਖਿਆ ਆਡਿਟ ਦੇ ਆਦੇਸ਼ ਦਿੱਤੇ ਹਨ। ਹਸਪਤਾਲ ਦੇ ਸਟਾਫ ਦਾ ਕਹਿਣਾ ਹੈ ਕਿ ਉਹ ਕਈ ਵਾਰ ਇਮਾਰਤ ਦੇ ਰੱਖ-ਰਖਾਅ ਦਾ ਮੁੱਦਾ ਉਠਾ ਚੁੱਕੇ ਹਨ ਪਰ ਕੁਝ ਮੁਰੰਮਤ ਤੋਂ ਇਲਾਵਾ ਕੁਝ ਵੀ ਮਹੱਤਵਪੂਰਨ ਨਹੀਂ ਹੋਇਆ ਹੈ। ਉਪਰਲੀ ਮੰਜ਼ਿਲ ’ਤੇ ਇੱਕ ਖੇਤਰ ਨੂੰ ‘ਨੋ ਐਂਟਰੀ ਜ਼ੋਨ’ ਵਜੋਂ ਵੀ ਦਰਸਾਇਆ ਗਿਆ ਹੈ ਪਰ ਉਸੇ ਮੰਜ਼ਿਲ ’ਤੇ ਇਕ ਹਾਲ ਵਿੱਚ ਲਗਪਗ 20 ਮਰੀਜ਼ ਦਾਖਲ ਹਨ।