ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 13 ਜੂਨ
ਕਰੋਨਾ ਬਿਮਾਰੀ ਦਾ ਸ਼ਿਕਾਰ ਹੋਏ ਲੋਕਾਂ ਨੂੰ ਹਸਪਤਾਲਾਂ ਵਿੱਚ ਪੁੱਜਦਾ ਕਰਨ ਲਈ ਆਕਸੀਜਨ ਵਾਲੀਆਂ ਐਂਬੂਲੈਂਸਾਂ ਲੈਣਾ ਪੀ਼ੜਤ ਪਰਿਵਾਰਾਂ ਲਈ ਪਹਾੜ ਜਿੱਡੀ ਚੁਣੌਤੀ ਬਣ ਗਿਆ ਹੈ। ਦਿੱਲੀ ਸਰਕਾਰ ਦੀਆਂ ‘ਕੈਟ’ ਸੇਵਾਵਾਂ ਤਹਿਤ ਚੱਲਦੀਆਂ ਐਂਬੂਲੈਂਸਾਂ ਵਿੱਚ 9 ਐਂਬੂਲੈਂਸਾਂ ਜੀਵਨ ਰੱਖਿਆ ਪ੍ਰਣਾਲੀ ਨਾਲ ਲੈਸ ਹਨ। 142 ਵਿੱਚ ਮੁੱਢਲੀ ਸਹਾਇਤਾ ਵਾਲੀਆਂ ਸਹੂਲਤਾਂ ਹਨ ਅਤੇ 109 ਐਂਬੂਲੈਂਸਾਂ ਮਰੀਜ਼ਾਂ ਨੂੰ ਲੈ ਜਾਣ ਵਾਲੀਆਂ ਹਨ। ਇਸ ਤੋਂ ਇਲਾਵਾ 154 ਐਂਬੂਲੈਂਸਾਂ ਨੂੰ ਕੋਵਿਡ-19 ਐਂਬੂਲੈਂਸਾਂ ਵਿੱਚ ਤਬਦੀਲ ਕੀਤਾ ਗਿਆ ਹੈ ਅਤੇ ਇਸ ਤਰ੍ਹਾਂ ਕਰੋਨਾ ਵਾਲੇ ਮਰੀਜ਼ਾਂ ਤੇ ਹੋਰ ਬਿਮਾਰੀਆਂ ਵਾਲੇ ਮਰੀਜ਼ਾਂ ਲਈ ਇਹ ਇਸਤੇਮਾਲ ਕੀਤੀਆਂ ਜਾ ਰਹੀਆਂ ਹਨ। ਨਿੱਜੀ ਹਸਪਤਾਲਾਂ ਤੇ ਹੋਰ ਸੰਸਥਾਵਾਂ ਦੀਆਂ ਐਂਬੂਲੈਂਸਾਂ ਵੀ ਹਨ। ‘ਕੈਟ’ ਦੇ ਪ੍ਰੋਗਰਾਮ ਅਧਿਕਾਰੀ ਸੰਜੇ ਤਿਆਗੀ ਮੁਤਾਬਕ ਕਰੋਨਾ ਮਰੀਜ਼ਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਲੈ ਜਾਣ ਲਈ ਕਾਫੀ ਸਮਾਂ ਲੱਗਦਾ ਹੈ, ਕਈ ਵਾਰ ਤਾਂ ਚਾਰ-ਚਾਰ ਘੰਟੇ ਵੀ ਲੱਗਦੇ ਹਨ। ਕਈ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਐਂਬੂਲੈਂਸਾਂ ਵਿੱਚ ਆਕਸੀਜਨ ਵਾਲੇ ਸਿਲੰਡਰਾਂ ਦੀ ਕਮੀ ਦੇਖੀ ਗਈ ਹੈ ਕਿਉਂਕਿ ਸਾਰੀਆਂ ਐਂਬੂਲੈਂਸਾਂ ਵਿੱਚ ਆਕਸੀਜਨ ਦੇ ਪੂਰੇ ਭਰੇ ਸਿਲੰਡਰ ਨਹੀਂ ਹੁੰਦੇ। ਮਰੀਜ਼ਾਂ ਤੋਂ ਇਕ ਤੋਂ ਦੂਜੇ ਹਸਪਤਾਲ ਲੈ ਜਾਇਆ ਜਾਂਦਾ ਹੈ ਕਿਉਂਕਿ ਕੋਵਿਡ ਹਸਪਤਾਲਾਂ ਵਿੱਚ ਬਿਸਤਰਿਆਂ ਲਈ ਵੀ ਮਾਰਾਮਾਰੀ ਹੈ।
ਗੰਗਾ ਰਾਮ ਹਸਪਤਾਲ ਹਾਈ ਕੋਰਟ ਪੁੱਜਾ
ਦਿੱਲੀ ਸਰਕਾਰ ਦੀ ਸ਼ਿਕਾਇਤ ਉਪਰ ਦਿੱਲੀ ਪੁਲੀਸ ਵੱਲੋਂ ਗੰਗਾ ਰਾਮ ਹਸਪਤਾਲ ਖ਼ਿਲਾਫ਼ ਦਰਜ ਮੁਕੱਦਮੇ ਖ਼ਿਲਾਫ਼ ਹਸਪਤਾਲ ਨੇ ਦਿੱਲੀ ਹਾਈ ਕੋਰਟ ਦਾ ਦਰ ਖੜਕਾਇਆ ਹੈ। ਹਸਪਤਾਲ ਪ੍ਰਬੰਧਕਾਂ ਨੇ ਅਦਾਲਤ ਵਿੱਚ ਅਪੀਲ ਕੀਤੀ ਕਿ ਉਕਤ ਐੱਫਆਈਆਰ ਰੱਦ ਕੀਤੀ ਜਾਵੇ। ਇਸ ਮਾਮਲੇ ਦੀ ਅਦਾਲਤ ਵੱਲੋਂ 15 ਜੂਨ ਨੂੰ ਸੁਣਵਾਈ ਕੀਤੀ ਜਾਵੇਗੀ। ਐੱਫਆਈਆਰ ਵਿੱਚ ਦੋਸ਼ ਲਾਇਆ ਗਿਆ ਸੀ ਕਿ ਹਸਪਤਾਲ ਨੇ ਕਰੋਨਾ ਦੇ ਨਿਯਮਾਂ ਨੂੰ ਤੋੜਿਆ ਸੀ। ਮੁੱਖ ਮੰਤਰੀ ਵੱਲੋਂ ਨਿੱਜੀ ਹਸਪਤਾਲਾਂ ’ਤੇ ਬਦਮਾਸ਼ੀ ਕਰਨ ਦਾ ਦੋਸ਼ ਵੀ ਲਾਇਆ ਗਿਆ ਸੀ, ਜਿਸ ਮਗਰੋਂ ਉਕਤ ਹਸਪਤਾਲ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।
ਦੱਖਣੀ ਦਿੱਲੀ ਦੇ ਚਾਰ ਹੋਟਲ ਕੋਵਿਡ ਮਰੀਜ਼ਾਂ ਲਈ ਹੋਣਗੇ ਇਸਤੇਮਾਲ
ਦਿੱਲੀ ਸਰਕਾਰ ਵੱਲੋਂ ਦੱਖਣੀ ਦਿੱਲੀ ਦੇ ਚਾਰ ਮੁੱਖ ਹੋਟਲਾਂ ਪੂਲਮੈਨ, ਹਿਆਤ, ਵਸੰਤ ਕੌਂਟੀਨੈਂਟਲ ਤੇ ਅੰਦਾਜ਼ ਨੂੰ ਹਸਪਤਾਲਾਂ ਨਾਲ ਜੋੜਿਆ ਗਿਆ ਹੈ। ਇੰਦਰਾ ਗਾਂਧੀ ਹਵਾਈ ਅੱਡੇ ਵਿਚ ਪੂਲਮੈਨ ਹੋਟਲ ਨੂੰ ਅਪੋਲੋ ਹਸਪਤਾਲ ਸਰਿਤਾ ਵਿਹਾਰ ਨਾਲ ਜੋੜਿਆ ਗਿਆ। ਅੰਦਾਜ਼ ਹੋਟਲ ਦੇ ਕਮਰੇ ਅਪੋਲੋ ਹਸਪਤਾਲ ਨਾਲ ਜੋੜੇ ਗਏ ਹਨ। ਦਿੱਲੀ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਕੋਵਿਡ-19 ਦੇ ਵਧੇਰੇ ਮਰੀਜ਼ਾਂ ਲਈ ਦਿੱਲੀ ਦੇ ਵੱਖ-ਵੱਖ ਹੋਟਲਾਂ ਵਿਚ ਕਮਰੇ ਤੇ ਬਿਸਤਰੇ ਮੰਗਵਾਏ ਜਾਣਗੇ ਤੇ ਹੋਟਲ ਨਜ਼ਦੀਕੀ ਹਸਪਤਾਲਾਂ ਨਾਲ ਜੋੜਨਗੇ। ਹਿਆਤ ਰੀਜੈਂਸੀ ਨੂੰ 200 ਕਮਰੇ ਅਲੱਗ ਕਰਨ ਤੇ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਵਸੰਤ ਕੁੰਜ ਲਈ ਰਾਖਵਾਂ ਕੀਤਾ ਹੈ। ਹੋਟਲ ਵਸੰਤ ਕੌਂਟੀਨੈਂਟਲ ਦੇ 117 ਕਮਰਿਆਂ ਨੂੰ ਅਲੱਗ ਕਰ ਕੇ ਉਨ੍ਹਾਂ ਨੂੰ ਇੰਡੀਅਨ ਸਪਾਈਨਲਸ ਹਸਪਤਾਲ ਨਾਲ ਜੋੜਿਆ ਗਿਆ ਹੈ।