ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਅਪਰੈਲ
ਦਿੱਲੀ ਪੁਲੀਸ ਕਮਿਸ਼ਨਰ ਐੱਸਐੱਨ ਸ਼੍ਰੀਵਾਸਤਵ ਨੇ ਜ਼ਿਲ੍ਹਿਆਂ ਦੇ ਡਿਪਟੀ ਪੁਲੀਸ ਕਮਿਸ਼ਨਰਸ (ਡੀਸੀਪੀ) ਨੂੰ ਨਿਰਦੇਸ਼ ਦਿੱਤੇ ਹਨ ਕਿ ਕੋਵਿਡ-19 ਪੁਲੀਸ ਮੁਲਾਜ਼ਮਾਂ ਨੂੰ ਲੋੜਵੰਦ ਮਰੀਜ਼ਾਂ ਲਈ ਆਪਣਾ ਪਲਾਜ਼ਮਾ ਦਾਨ ਕਰਨ ਲਈ ਪ੍ਰੇਰਿਤ ਕੀਤਾ ਜਾਵੇ। ਮੌਜੂਦਾ ਸਮੇਂ ਕੌਮੀ ਰਾਜਧਾਨੀ ਵਿੱਚ 15 ਜ਼ਿਲ੍ਹਾ ਡੀ.ਸੀ.ਪੀ. ’ਚੋਂ ਚਾਰ ਤੇ ਛੇ ਸੰਯੁਕਤ ਕਮਿਸ਼ਨਰ (ਜੇਸੀਪੀ) ’ਚੋਂ ਦੋ ਪਿਛਲੇ ਹਫ਼ਤੇ ਵਿੱਚ ਕੋਵਿਡ-19 ਕਾਰਨ ਘਰੇਲੂ ਕੁਆਰਨਟੀਨ ਦੇ ਅਧੀਨ ਹਨ। ਇਸ ਸਮੇਂ ਕੋਵਿਡ-19 ਨਾਲ ਲਗਭਗ 500 ਪੁਲੀਸ ਮੁਲਾਜ਼ਮ ਲਾਗ ਤੋਂ ਪ੍ਰਭਾਵਿਤ ਹਨ, ਜਿਨ੍ਹਾਂ ’ਚੋਂ 15 ਅਧਿਕਾਰੀ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਹਨ। ਵਧੀਕ ਪੁਲੀਸ ਕਮਿਸ਼ਨਰ ਦੀਪਕ ਪੁਰੋਹਿਤ ਦੁਆਰਾ ਜਾਰੀ ਇੱਕ ਆਦੇਸ਼ ਵਿੱਚ ਕਿਹਾ ਗਿਆ ਹੈ, ‘ਪੁਲੀਸ ਮੁਲਾਜ਼ਮ ਠੀਕ ਹੋ ਗਏ ਹਨ ਤੇ ਆਪਣੀ ਡਿਊਟੀ ਵਿੱਚ ਸ਼ਾਮਲ ਹੋ ਗਏ ਹਨ। ਹਾਲਾਂਕਿ ਇਹ ਦੇਖਿਆ ਜਾਂਦਾ ਹੈ ਕਿ ਉਨ੍ਹਾਂ ਵਿਚੋਂ ਬਹੁਤਿਆਂ ਨੇ ਆਪਣਾ ਪਲਾਜ਼ਮਾ ਦਾਨ ਨਹੀਂ ਕੀਤਾ ਹੈ ਜੋ ਗੰਭੀਰ ਮਰੀਜ਼ਾਂ ਦੀ ਜਾਨ ਬਚਾਉਣ ਲਈ ਬਹੁਤ ਮਦਦਗਾਰ ਹੋ ਸਕਦਾ ਹੈ।
ਮੈਕਸ ਹਸਪਤਾਲ ਨੇ ਨਵੇਂ ਮਰੀਜ਼ ਦਾਖਲ ਨਾ ਕਰਨ ਦੇ ਹੁਕਮ ਵਾਪਸ ਲਏ
ਦਿੱਲੀ ਦੇ ਮੈਕਸ ਹਸਪਤਾਲ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਆਕਸੀਜਨ ਦੀ ਸਪਲਾਈ ਸਥਿਰ ਹੋਣ ਤੱਕ ਦਿੱਲੀ-ਐੱਨਸੀਆਰ ਦੇ ਸਾਰੇ ਹਸਪਤਾਲਾਂ ’ਚ ਕਿਸੇ ਵੀ ਨਵੇਂ ਮਰੀਜ਼ ਦਾ ਦਾਖਲਾ ਬੰਦ ਕੀਤਾ ਸੀ ਪਰ ਬਾਅਦ ’ਚ ਆਕਸੀਜਨ ਸਪਲਾਈ ਹੋਣ ਕਾਰਨ ਇਹ ਹੁਕਮ ਵਾਪਸ ਲੈ ਲਏ। ਡੀਸੀਪੀ (ਸਾਊਥ) ਨੇ ਦੱਸਿਆ ਕਿ ਇਕ ਆਕਸੀਜਨ ਲਿਜਾਣ ਵਾਲਾ ਵਾਹਨ ਸਾਕੇਤ ਦੇ ਮੈਕਸ ਹਸਪਤਾਲ ਪਹੁੰਚ ਗਿਆ ਹੈ। ਮੈਕਸ ਹੈਲਥਕੇਅਰ ਨੇ ਟਵੀਟ ਕੀਤਾ ਸੀ, ‘‘ਸਾਨੂੰ ਇਹ ਦੱਸਦਿਆਂ ਅਫਸੋਸ ਹੋ ਰਿਹਾ ਹੈ ਕਿ ਜਦੋਂ ਤੱਕ ਆਕਸੀਜਨ ਦੀ ਸਪਲਾਈ ਸਥਿਰ ਨਹੀਂ ਹੋ ਜਾਂਦੀ, ਉਦੋਂ ਤੱਕ ਅਸੀਂ ਦਿੱਲੀ ਐੱਨਸੀਆਰ ਦੇ ਆਪਣੇ ਸਾਰੇ ਹਸਪਤਾਲਾਂ ’ਚ ਕਿਸੇ ਵੀ ਨਵੇਂ ਮਰੀਜ਼ ਦਾਖਲੇ ਨੂੰ ਮੁਅੱਤਲ ਕਰ ਰਹੇ ਹਾਂ।’’ ਟਵੀਟ ਹਾਲਾਂਕਿ ਬਾਅਦ ’ਚ ਹਟਾ ਦਿੱਤਾ ਗਿਆ।