ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਅਪਰੈਲ
ਸੱਭਿਆਚਾਰ ਚੌਰਾਹਾ ਵੱਲੋਂ ਕਰਵਾਏ ਗਏ 22ਵੇਂ ਸਾਲਾਨਾ ਕਲਾ ਉਤਸਵ ਦਾ ਉਦਘਾਟਨ ‘ਆਪ’ ਦੀ ਕਾਲਕਾਜੀ ਤੋਂ ਵਿਧਾਇਕਾ ਆਤਿਸ਼ੀ ਨੇ ਕੀਤਾ। ਅਰਪਨਾ ਕੌਰ ਆਰਟ ਗੈਲਰੀ ਵਿੱਚ ਪ੍ਰਦਰਸ਼ਨੀ ਲਗਾਈ ਗਈ। ਇਸ ਸਮਾਗਮ ਵਿੱਚ 7 ਤੋਂ 15 ਸਾਲ ਦੀ ਉਮਰ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਆਪਣੀ ਚਿੱਤਰਕਾਰੀ ਦਾ ਪ੍ਰਦਰਸ਼ਨ ਕੀਤਾ। ਕੋਵਿਡ ਮਹਾਮਾਰੀ ਦੇ ਕਾਰਨ ਦੋ ਸਾਲਾਂ ਦੇ ਵਕਫ਼ੇ ਮਗਰੋਂ ਪ੍ਰਦਰਸ਼ਨੀ ਲਗਾਈ ਗਈ। ਵਿਧਾਇਕ ਆਤਿਸ਼ੀ ਨੇ ਕਿਹਾ ਕਿ ਅੱਜ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਾ ਮਾਣ ਵਾਲੀ ਗੱਲ ਹੈ। ਇਹ ਵਿਦਿਆਰਥੀ ਉਮਰ ਵਿੱਚ ਛੋਟੇ ਲੱਗ ਸਕਦੇ ਹਨ ਪਰ ਇੱਕ ਕਲਾਕਾਰ ਦੇ ਰੂਪ ਵਿੱਚ ਇਨ੍ਹਾਂ ਦੀਆਂ ਪੇਂਟਿੰਗਾਂ ਬਾਕਮਾਲ ਹਨ।
ਇਸ ਸਾਲ ਪ੍ਰਦਰਸ਼ਨੀ ਦਾ ਵਿਸ਼ਾ ਬੱਚਿਆਂ ਦੀਆਂ ਅੱਖਾਂ ਰਾਹੀਂ ਦੁਨੀਆ ਦੀ ਖੋਜ ਕਰਨ ’ਤੇ ਕੇਂਦਰਿਤ ਸੀ। ਕਲਚਰ ਚੌਰਾਹਾ ਦੀ ਸੰਸਥਾਪਕ ਰਿਤੂ ਸੰਗਲ ਨੇ ਕਿਹਾ ਕਿ ਪੇਂਟਿੰਗ ਵੀ ਧਿਆਨ ਦਾ ਇੱਕ ਰੂਪ ਹੈ ਤੇ ਇਸ ਨੇ ਮਹਾਮਾਰੀ ਦੌਰਾਨ ਤਣਾਅ ਅਤੇ ਚਿੰਤਾ ਨਾਲ ਨਜਿੱਠਣ ਵਿੱਚ ਇਨ੍ਹਾਂ ਬੱਚਿਆਂ ਦੀ ਅਸਲ ਵਿੱਚ ਮਦਦ ਕੀਤੀ ਹੈ। ਵਿਧਾਇਕ ਆਤਿਸ਼ੀ ਨੇ ਸਕੂਲਾਂ ਦੀ ਮੁੱਖ ਧਾਰਾ ਦੇ ਪਾਠਕ੍ਰਮ ਵਿੱਚ ਕਲਾ ਨੂੰ ਲਿਆਉਣ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜੇ ਅਸੀਂ ਸਾਰੇ ਆਪਣੇ ਸਕੂਲ ਦੇ ਦਿਨਾਂ ਨੂੰ ਯਾਦ ਕਰ ਸਕਦੇ ਹਾਂ ਤਾਂ ਸ਼ਾਇਦ ਅਸੀਂ ਮੁੱਖ ਧਾਰਾ ਦੇ ਵਿਸ਼ਿਆਂ ਦੀ ਬਜਾਏ ਕਲਾਸਰੂਮ ਤੋਂ ਬਾਹਰ ਆਪਣੇ ਤਜਰਬਿਆਂ ਤੋਂ ਵਧੇਰੇ ਸਿੱਖ ਸਕਦੇ ਹਾਂ। ਵਿਧਾਇਕ ਆਤਿਸ਼ੀ ਨੇ ਵਿਅਕਤੀ ਦੇ ਸਰਵਪੱਖੀ ਵਿਕਾਸ ਵਿੱਚ ਕਲਾ ਦੀ ਮਹੱਤਤਾ ਬਾਰੇ ਵੀ ਦੱਸਿਆ। ਪ੍ਰਦਰਸ਼ਨੀ ਵਿੱਚ ਸੱਤ ਸਾਲ ਦੀ ਉਮਰ ਦੇ ਅਯਾਨ ਨੇ ਵੀ ਹਿੱਸਾ ਲਿਆ, ਜਿਸ ਨੇ ਕਿਹਾ, ‘‘ਮੇਰੇ ਲਈ ਮੇਰੀ ਕਲਾ ਜ਼ਿੰਦਗੀ ਪ੍ਰਤੀ ਮੇਰੀਆਂ ਭਾਵਨਾਵਾਂ ਦੇ ਪ੍ਰਗਟਾਵੇ ਦਾ ਇੱਕ ਰੂਪ ਹੈ।’’ ਅਯਾਨ ਮਹਾਨ ਚਿੱਤਰਕਾਰ ਪਿਕਾਸੋ ਨੂੰ ਆਪਣਾ ਆਦਰਸ਼ ਮੰਨਦਾ ਹੈ ਤੇ ਉਸ ਵਰਗੀਆਂ ਬਹੁਤ ਸਾਰੀਆਂ ਮਾਸਟਰਪੀਸ ਬਣਾਉਣ ਲਈ ਮਸ਼ਹੂਰ ਹੋਣ ਦੀ ਇੱਛਾ ਰੱਖਦਾ ਹੈ।