ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਅਗਸਤ
ਦਿੱਲੀ ਟਰੈਫਿਕ ਪੁਲੀਸ ਨੇ ਪ੍ਰੈੱਸ਼ਰ ਹਾਰਨ ਤੇ ਮੋਡੀਫਾਈਡ ਸਾਈਲੈਂਸਰਾਂ ਵਿਰੁੱਧ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਪਿਛਲੇ ਪੰਜ ਦਿਨਾਂ ਦੌਰਾਨ 900 ਤੋਂ ਵੱਧ ਲੋਕਾਂ ਨੂੰ ਜੁਰਮਾਨਾ ਕੀਤਾ ਹੈ। ਪ੍ਰਾਪਤ ਅੰਕੜਿਆਂ ਅਨੁਸਾਰ ਬੁੱਧਵਾਰ ਤੱਕ ਸ਼ਹਿਰ ਵਿੱਚ ਪ੍ਰੈੱਸ਼ਰ ਹਾਰਨ ਦੀ ਵਰਤੋਂ ਕਰਨ ਵਾਲੇ 583 ਤੇ ਮੋਡੀਫਾਈਡ ਸਾਈਲੈਂਸਰਾਂ ਦੇ 354 ਚਲਾਨ ਕੀਤੇ ਗਏ। ਪੁਲੀਸ ਨੇ ਐਲਾਨ ਕੀਤਾ ਕਿ ਉਸਨੇ ਪ੍ਰੈੱਸ਼ਰ ਹਾਰਨ ਤੇ ਮੋਡੀਫਾਈਡ ਸਾਈਲੈਂਸਰਾਂ ਦੀ ਵਰਤੋਂ ਕਰਨ ਵਾਲੇ ਵਾਹਨ ਚਾਲਕਾਂ ਨੂੰ ਜੁਰਮਾਨਾ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ੋਰ ਪ੍ਰਦੂਸ਼ਣ ਵਿਰੁੱਧ ਚਲਾਈ ਮੁਹਿੰਮ ਤਹਿਤ ਇਸ ਸਾਲ ਹੁਣ ਤੱਕ 3,502 ਲੋਕਾਂ ਵਿਰੁੱਧ ਕਾਰਵਾਈ ਕੀਤੀ ਜਾ ਚੁੱਕੀ ਹੈ। 1 ਜਨਵਰੀ ਤੋਂ 1,331 ਲੋਕਾਂ ਨੂੰ ਪ੍ਰੈੱਸ਼ਰ ਹਾਰਨ ਲਈ 2,009 ਨੂੰ ਮੋਡੀਫਾਈਡ ਸਾਈਲੈਂਸਰ ਲਈ ਜੁਰਮਾਨਾ ਲਗਾਇਆ ਗਿਆ ਹੈ।