ਨਵੀਂ ਦਿੱਲੀ, 5 ਜੂਨ
ਵਿਸ਼ਵ ਵਾਤਾਵਰਣ ਦਿਵਸ ਮੌਕੇ ਅੱਜ ਕੇਂਦਰ ਸਰਕਾਰ ਨੇ ‘ਨਗਰ ਵਨ’ ਯੋਜਨਾ ਤਹਿਤ ਅਗਲੇ ਪੰਜ ਸਾਲਾਂ ’ਚ 200 ਸ਼ਹਿਰਾਂ ’ਚ ਜੰਗਲ ਵਿਕਸਤ ਕਰਨ ਦਾ ਐਲਾਨ ਕੀਤਾ ਹੈ। ਇਸ ਸਾਲ ਜੈਵਿਕ ਵਿਭਿੰਨਤਾ ’ਤੇ ਜ਼ੋਰ ਦਿੱਤਾ ਗਿਆ ਹੈ। ਵਾਤਾਵਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਕਈ ਮੁਸ਼ਕਲਾਂ ਦੇ ਬਾਵਜੂਦ ਭਾਰਤ ’ਚ ਦੁਨੀਆ ਦੀ ਅੱਠ ਫ਼ੀਸਦੀ ਜੈਵਿਕ ਵਿਭਿੰਨਤਾ ਹੈ। ਭਾਰਤੀ ਸੱਭਿਆਚਾਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਇਕੱਲਾ ਮੁਲਕ ਹੈ ਜਿਥੇ ਰੁਖਾਂ, ਜਾਨਵਰਾਂ, ਪੰਛੀਆਂ ਅਤੇ ਸੱਪਾਂ ਦੀ ਪੂਜਾ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ’ਚ ਜੰਗਲ ਹਨ ਪਰ ਸ਼ਹਿਰੀ ਇਲਾਕਿਆਂ ’ਚ ਇਨ੍ਹਾਂ ਦੀ ਗਿਣਤੀ ਬਹੁਤ ਘੱਟ ਹੈ। ਕੇਂਦਰੀ ਮੰਤਰੀ ਨੇ ਕਿਹਾ,‘‘ਸ਼ਹਿਰੀ ਜੰਗਲ, ਸ਼ਹਿਰੀ ਫੇਫੜਿਆਂ ਦੇ ਰੂਪ ’ਚ ਕੰਮ ਕਰਨਗੇ। ਮੈਂ ਲੋਕਾਂ ਨੂੰ ਰਲ ਕੇ ਕੰਮ ਕਰਨ ਅਤੇ ਇਸ ਨੂੰ ਲੋਕ ਅੰਦੋਲਨ ਬਣਾਉਣ ਦੀ ਅਪੀਲ ਕਰਦਾ ਹਾਂ।’’
ਪ੍ਰੋਗਰਾਮ ’ਚ ਮੌਜੂਦ ਕੇਂਦਰੀ ਰਾਜ ਮੰਤਰੀ ਬਾਬੁਲ ਸੁਪ੍ਰਿਓ ਨੇ ਕਿਹਾ ਕਿ ਇਸ ਸਾਲ 145 ਕਰੋੜ ਬੂਟੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ। -ਆਈਏਐਨਐਸ
ਜੈਵਿਕ ਵਿਭਿੰਨਤਾ ਨੂੰ ਬਹਾਲ ਰੱਖਣ ਦਾ ਅਹਿਦ ਦੁਹਰਾਉਣ ਦੀ ਲੋੜ: ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਵਿੱਖ ਦੀਆਂ ਪੀੜ੍ਹੀਆਂ ਲਈ ਪ੍ਰਿਥਵੀ ਨੂੰ ਬਿਹਤਰ ਸਥਾਨ ਬਣਾਉਣ ਲਈ ਸਾਂਝੀਆਂ ਕੋਸ਼ਿਸ਼ਾਂ ਯਕੀਨੀ ਬਣਾਉਣ ਦੀ ਵਕਾਲਤ ਕੀਤੀ ਹੈ। ਵਿਸ਼ਵ ਵਾਤਾਵਰਣ ਦਿਵਸ ਮੌਕੇ ਉਨ੍ਹਾਂ ਟਵਿਟਰ ’ਤੇ ਲਿਖਿਆ ਕਿ ਪ੍ਰਿਥਵੀ ਦੀ ਅਮੀਰ ਜੈਵਿਕ ਵਿਭਿੰਨਤਾ ਨੂੰ ਬਹਾਲ ਰੱਖਣ ਦਾ ਉਹ ਅਹਿਦ ਦੁਹਰਾਉਂਦੇ ਹਨ ਤਾਂ ਜੋ ਆਉਂਦੀਆਂ ਪੀੜ੍ਹੀਆਂ ਲਈ ਚੰਗਾ ਵਾਤਾਵਰਣ ਸਿਰਜਿਆ ਜਾ ਸਕੇ। ਉਨ੍ਹਾਂ ਪਿਛਲੇ ਐਤਵਾਰ ਆਕਾਸ਼ਵਾਣੀ ’ਤੇ ਕੀਤੇ ‘ਮਨ ਕੀ ਬਾਤ’ ਪ੍ਰੋਗਰਾਮ ਦਾ ਵੀਡੀਓ ਵੀ ਸਾਂਝਾ ਕੀਤਾ ਜਿਸ ’ਚ ਉਨ੍ਹਾਂ ਵਿਸ਼ਵ ਵਾਤਾਵਰਣ ਦਿਵਸ ਦਾ ਜ਼ਿਕਰ ਕੀਤਾ ਸੀ। ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਜੈਵਿਕ ਵਿਭਿੰਨਤਾ ਨੂੰ ਬਹਾਲ ਰੱਖਣ ਅਤੇ ਵਾਤਾਵਰਣ ਦੇ ਸਥਾਈ ਹੱਲ ਦੀਆਂ ਕੋਸ਼ਿਸ਼ਾਂ ਕਰਨ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਜਲਵਾਯੂ ਸੰਕਟ ਦਾ ਹੱਲ ਨਿਕਲੇਗਾ ਸਗੋਂ ਖੁਰਾਕ ਸੁਰੱਖਿਆ, ਜਲ ਸਪਲਾਈ ਅਤੇ ਲੋਕਾਂ ਦੀ ਸੁਰੱਖਿਆ ਵੀ ਯਕੀਨੀ ਬਣੇਗੀ। ਉਧਰ ਭਾਜਪਾ ਪ੍ਰਧਾਨ ਜੇ ਪੀ ਨੱਢਾ ਨੇ ਲੋਕਾਂ ਨੂੰ ਸਾਫ਼ ਅਤੇ ਹਰੇ-ਭਰੇ ਵਾਤਾਵਰਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ। -ਪੀਟੀਆਈ