ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 14 ਮਾਰਚ
ਸੁਪਰੀਮ ਕੋਰਟ ਦੇ ਵਕੀਲ ਭਾਨੂੰ ਪ੍ਰਤਾਪ ਸਿੰਘ ਨੇ ਸਿੰਘੂ ਬਾਰਡਰ ਦੇ ਮੰਚ ਤੋਂ ਕੇਂਦਰ ਸਰਕਾਰ ‘ਤੇ ਖੇਤੀ ਕਾਨੂੰਨਾਂ ਰਾਹੀਂ ਦੇਸ਼ ਦੇ ਸੰਘੀ ਢਾਂਚੇ ਸਮੇਤ ਕਿਸਾਨਾਂ, ਵਪਾਰੀਆਂ ਤੇ ਆਮ ਲੋਕਾਂ ਖ਼ਿਲਾਫ਼ ਸਾਜ਼ਿਸ਼ ਰਚ ਕੇ ਕਾਰਪੋਰੇਟ ਦੇ ਹੱਥਾਂ ਵਿੱਚ ਦੇਸ਼ ਦੇਣ ਦਾ ਦੋਸ਼ ਮੜ੍ਹਿਆ ਹੈ। ਭਾਨੂੰ ਪ੍ਰਤਾਪ ਨੇ ਕਿਹਾ ਕਿ ਖੇਤੀ ਕਾਨੂੰਨਾਂ ਰਾਹੀਂ ਫੂਡ ਸੁਰੱਖਿਆ ਐਕਟ ਦੀਆਂ ਧੱਜੀਆਂ ਉਡਾਈਆਂ ਜਾਣਗੀਆਂ। ਦੇਸ਼ ਦੇ ਗਰੀਬਾਂ ਨੂੰ 5 ਲੱਖ ਦੁਕਾਨਾਂ ਨਾਲ ਰਾਸ਼ਨ ਤੇ ਮੋਟਾ ਅਨਾਜ ਦੇਣ ਦਾ ਮੋਦੀ ਸਰਕਾਰ ਨੇ ਝੂਠਾ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਲਾਗੂ ਹੋਣ ਨਾਲ 14.64 ਕਰੋੜ ਕਿਸਾਨ ਤੇ 82 ਕਰੋੜ ਗਰੀਬਾਂ ਨੂੰ ਅਨਾਜ ਨਹੀਂ ਮਿਲੇਗਾ। ਉਨ੍ਹਾਂ ਕਿਹਾ ਖੇਤੀ ਕਾਨੂੰਨਾਂ ਤਹਿਤ ਸਾਜ਼ਿਸ਼ ਕੀਤੀ ਗਈ ਤੇ ਇਨ੍ਹਾਂ ਐਕਟਾਂ ਦੀਆਂ ਧਾਰਾਵਾਂ 20 ਤੇ ਧਾਰਾ 18 ਕਿਸਾਨ ਵਿਰੋਧੀ ਹਨ। ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਕੋਈ ਵੀ ਵਿਅਕਤੀ ਅਦਾਲਤ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਭਲਾਈ ਲਈ ਕਾਨੂੰਨ ਬਣਾਏ ਹਨ ਤਾਂ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਅਦਾਲਤਾਂ ਵਿੱਚ ਜਾਣ ਤੋਂ ਕਿਉਂ ਰੋਕਿਆ। ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਸੰਵਿਧਾਨ ਦੀਆਂ ਧਾਰਾ 246 ਦੀ 7ਵੀਂ ਅਨੁਸੂਚੀ ਤੇ 14, 28 ਲੜੀ ਤਹਿਤ ਖੇਤੀਬਾੜੀ ਮਾਮਲਿਆਂ ਦੀ ਮੱਦ ਰਾਜਾਂ ਦਾ ਵਿਸ਼ਾ ,ਹੈ ਜਿਸ ਤੋਂ ਸਾਬਤ ਹੈ ਕਿ ਕੇਂਦਰ ਰਾਜਾਂ ਨਾਲ ਜੁੜੇ ਇਹ ਕਾਨੂੰਨ ਨਹੀਂ ਬਣਾ ਸਕਦੀ। ਇਸੇ ਕਰਕੇ ਇਹ ਕਾਨੂੰਨ ਗ਼ੈਰ-ਸੰਵਿਧਾਨਕ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਨੇ ਰਾਜ ਸਰਕਾਰਾਂ ਦਾ ਅਧਿਕਾਰ ਖੋਹ ਕੇ ਇਹ ਕਾਨੂੰਨ ਬਣਾਉਣਾ ਸੰਘੀ ਢਾਂਚੇ ਨੂੰ ਢਾਹ ਲਾਈ ਹੈ। ਇਸ ਤੋਂ ਪਹਿਲਾਂ ਭਾਜਪਾ ਦੀ ਨੀਤੀ ਤਹਿਤ ਜੀਐੱਸਟੀ ਰਾਹੀਂ ਰਾਜਾਂ ਦੇ ਕਰ ਇੱਕਠਾ ਕਰਨ ਦੇ ਅਧਿਕਾਰ ਖੋਹੇ ਗਏ ਹਨ।
ਖੱਟਰ ਤੇ ਦੁਸ਼ਅੰਤ ਦੇ ਪੁਤਲੇ ਫੂਕ ਮੁਜ਼ਾਹਰੇ ਅੱਜ
ਰਤੀਆ (ਪੱਤਰ ਪ੍ਰੇਰਕ): ਖੇਤੀ ਬਚਾਓ ਸੰਘਰਸ਼ ਕਮੇਟੀ ਹਰਿਆਣਾ ਨੇ ਗੁਰਦੁਆਰਾ ਅਜੀਤਸਰ ਰਤੀਆ ਵਿੱਚ ਮੀਟਿੰਗ ਕਰਕੇ ਨਾਪਾ, ਖੱਟਰ ਅਤੇ ਦੁਸ਼ਅੰਤ ਦੇ ਪੁਤਲੇ ਸਾੜਨ ਦਾ ਫੈਸਲਾ ਕੀਤਾ ਹੈ। ਕਿਸਾਨ ਆਗੂ ਜਰਨੈਲ ਸਿੰਘ ਮੱਲਾਂਵਾਲਾਂ ਨੇ ਕਿਹਾ ਕਿ ਹਰਿਆਣਾ ਵਿਧਾਨ ਸਭਾ ’ਚ 55 ਵਿਧਾਇਕਾਂ ਨੇ ਕਿਸਾਨਾਂ ਖਿਲਾਫ ਵੋਟ ਦਿੱਤਾ ਹੈ, ਜਿਨ੍ਹਾਂ ’ਚ ਭਾਜਪਾ ਵਿਧਾਇਕ ਲਛਮਣ ਨਾਪਾ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸੰਘਰਸ਼ ਕਮੇਟੀ ਨੇ ਉਨ੍ਹਾਂ ਦੇ ਘਰ ਜਾ ਕੇ ਕਿਸਾਨ ਸੰਘਰਸ਼ ਨੂੰ ਸਮਰਥਨ ਦੇਣ ਲਈ ਮੰਗ ਪੱਤਰ ਵੀ ਦਿੱਤਾ ਸੀ ਪਰ ਉਨ੍ਹਾਂ ਨੇ ਕਿਸਾਨ ਨਾਲ ਕੋਝਾ ਮਜ਼ਾਕ ਕੀਤਾ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ ਕਮੇਟੀ ਕਿਸਾਨਾਂ ਦੀਆਂ ਵੋਟਾਂ ਨਾਲ ਵਿਧਾਇਕ ਬਣ ਕੇ ਕਿਸਾਨ ਵਿਰੋਧੀ ਵੋਟ ਪਾਉਣ ਵਾਲੇ ਅਜਿਹੇ ਲੀਡਰਾਂ ਦੀ ਸਖਤ ਸ਼ਬਦਾਂ ’ਚ ਨਿੰਦਾ ਕਰਦੀ ਹੈ।
ਔਰਤਾਂ ਦਾ ਜਥਾ ਦਿੱਲੀ ਅੰਦੋਲਨ ਲਈ ਰਵਾਨਾ
ਸ਼ਾਹਬਾਦ ਮਾਰਕੰਡਾ (ਸਤਨਾਮ ਸਿੰਘ): ਪਿੰਡ ਮੰਗੋਲੀ ਜਾਟਾਨ ਤੋਂ 40 ਔਰਤਾਂ ਦਾ ਜੱਥਾ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ’ਚ ਸੇਵਾ ਕਰਨ ਲਈ ਰਵਾਨਾ ਹੋਇਆ। ਔਰਤਾਂ ਆਪਣੇ ਨਾਲ ਅੰਦੋਲਨ ਵਿਚ ਸ਼ਾਮਲ ਕਿਸਾਨਾਂ ਲਈ ਰਾਸ਼ਨ ਸਮੱਗਰੀ ਵੀ ਲੈ ਕੇ ਗਈਆਂ ਹਨ। ਜਾਣਕਾਰੀ ਮੁਤਾਬਿਕ ਇਹ ਪ੍ਰਧਾਨ ਰਮੇਸ਼ ਚੰਦ, ਅਜਾਇਬ ਸਿੰਘ, ਜਰਨੈਲ ਸਿੰਘ, ਸ਼ਾਮ ਸਿੰਘ, ਵਿਸ਼ਾਲ, ਮਿਲਨ ਸਿੰਘ ਦੀ ਅਗਵਾਈ ਵਿਚ ਰਵਾਨਾ ਹੋਇਆ। ਇਸ ਦੌਰਾਨ ਔਰਤਾਂ ਨੇ ਕੇਂਦਰ ਸਰਕਾਰ ਵੀ ਨਾਅਰੇਬਾਜ਼ੀ ਕੀਤੀ।