ਨਵੀਂ ਦਿੱਲੀ, 27 ਨਵੰਬਰ
ਕੇਂਦਰ ਨੇ ਸ਼ੁੱਕਰਵਾਰ ਨੂੰ ਦਿੱਲੀ ਸਰਕਾਰ ਨੂੰ ਕੋਵਿਡ-19 ਦੇ ਵਧ ਰਹੇ ਕੇਸਾਂ ਲਈ ਜ਼ਿੰਮੇਵਾਰ ਠਹਿਰਾਇਆ ਹੈ। ਕੌਮੀ ਰਾਜਧਾਨੀ ਵਿੱਚ ਕੋਵਿਡ-19 ਸਬੰਧੀ ਕਿਹਾ ਕਿ ਵਾਰ ਵਾਰ ਸਲਾਹ ਦੇਣ ਦੇ ਬਾਵਜੂਦ ਸਰਕਾਰ ਨੇ ਟੈਸਟਿੰਗ ਸਮਰੱਥਾ ਵਧਾਉਣ ਲਈ ਕਦਮ ਨਹੀਂ ਚੁੱਕੇ, ਖ਼ਾਸਕਰ ਆਰਟੀ-ਪੀਸੀਆਰ ਲਈ ਜੋ ਲੰਮੇ ਸਮੇਂ ਲਈ ਤਕਰੀਬਨ 20,000 ਟੈਸਟਾਂ ’ਤੇ ਸਥਿਰ ਹੈ। ਕੇਂਦਰ ਨੇ ਕਿਹਾ ਕਿ ਦਿੱਲੀ ਸਰਕਾਰ ਚੰਗੀ ਤਰ੍ਹਾਂ ਜਾਣਦੀ ਹੈ ਕਿ ਸਰਦੀਆਂ, ਤਿਉਹਾਰਾਂ ਦੇ ਮੌਸਮ ਤੇ ਪ੍ਰਦੂਸ਼ਣ ਦੌਰਾਨ ਮਾਮਲਿਆਂ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲਿਆ ਹੈ ਤੇ ਇਸ ਜਾਣਕਾਰੀ ਤੋਂ ਪਹਿਲਾਂ ਸਖ਼ਤੀ ਨਾਲ ਲਾਗੂ ਕਰਨ ਤੇ ਸੂਚਨਾ, ਸਿੱਖਿਆ ਤੇ ਸੰਚਾਰ ਦੇ ਉਪਾਅ ਚੰਗੀ ਤਰ੍ਹਾਂ ਸਥਾਪਤ ਕੀਤੇ ਜਾਣੇ ਚਾਹੀਦੇ ਸਨ। ਗ੍ਰਹਿ ਮੰਤਰਾਲੇ ਨੇ ਉੱਚ ਅਦਾਲਤ ਵਿੱਚ ਦਾਖਲ ਕੀਤੇ ਆਪਣੇ ਹਲਫ਼ਨਾਮੇ ਵਿੱਚ ਕਿਹਾ ਕਿ ਜਦੋਂ ਕਿ ਡੇਂਗੂ ਦੀ ਰੋਕਥਾਮ ਸਮੇਤ ਦਿੱਲੀ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਨਿਯਮਤ ਇਸ਼ਤਿਹਾਰ ਦਿੱਤੇ ਗਏ। ਵੱਡੇ ਪੱਧਰ ’ਤੇ ਲੋਕਾਂ ਨੂੰ ਬਾਕਾਇਦਾ ਪਹੁੰਚ ਦੇ ਉਪਾਵਾਂ ਰਾਹੀਂ ਇਸ ਬਾਰੇ ਜਾਣੂ ਨਹੀਂ ਕੀਤਾ ਗਿਆ। ਜਸਟਿਸ ਅਸ਼ੋਕ ਭੂਸ਼ਣ, ਆਰਐੱਸ ਰੈੱਡੀ ਅਤੇ ਐੱਮਆਰ ਸ਼ਾਹ ਦੇ ਬੈਂਚ ਨੇ ਕੇਂਦਰ ਦਾ ਹਲਫਨਾਮਾ ਰਿਕਾਰਡ ’ਤੇ ਲਿਆ ਤੇ ਕਿਹਾ ਕਿ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ ਪਰ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ। ਬੈਂਚ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 1 ਦਸੰਬਰ ਨੂੰ ਪਾਉਂਦਿਆਂ ਕਿਹਾ ਕਿ ਰਾਜਾਂ ਨੂੰ ਰਾਜਨੀਤੀ ਤੋਂ ਉਪਰ ਉੱਠਣਾ ਪਏਗਾ।
-ਪੀਟੀਆਈ
ਟੀਕਾ ਲਾਉਣ ਦੇ ਪੁਖ਼ਤਾ ਪ੍ਰਬੰਧ: ਜੈਨ
ਨਵੀਂ ਦਿੱਲੀ (ਪੱਤਰ ਪ੍ਰੇਰਕ): ਸਿਹਤ ਮੰਤਰੀ ਸਤਿੰਦਰ ਜੈਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਵਿਡ-19 ਦਾ ਟੀਕਾ ਉਪਲਬਧ ਹੋਣ ’ਤੇ ਕੁਝ ਹਫ਼ਤਿਆਂ ਵਿਚ ਦਿੱਲੀ ਵਿਚ ਆਪਣੀ ਪੂਰੀ ਆਬਾਦੀ ਨੂੰ ਟੀਕਾ ਲਗਾਉਣ ਲਈ ਲੋੜੀਂਦਾ ਬੁਨਿਆਦੀ ਢਾਂਚਾ ਤੇ ਉਪਕਰਨ ਮੌਜੂਦ ਹਨ। ਜੈਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਟੀਕਿਆਂ ਦੇ ਭੰਡਾਰਨ ਬਾਰੇ ਕੋਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਸਾਡੇ ਕੋਲ ਸਿਹਤ ਸੰਭਾਲ ਸਹੂਲਤਾਂ ਦੀ ਵੱਡੀ ਗਿਣਤੀ ਹੈ, ਜਿਵੇਂ ਮੁਹੱਲਾ ਕਲੀਨਿਕਾਂ, ਪੌਲੀ ਕਲੀਨਿਕਾਂ ਅਤੇ ਹਸਪਤਾਲਾਂ ਆਦਿ, ਜਿਥੇ ਲੋਕਾਂ ਨੂੰ ਕੋਵਿਡ-19 ਦਾ ਟੀਕਾ ਲਗਾਇਆ ਜਾ ਸਕਦਾ ਹੈ। ਮੰਤਰੀ ਨੇ ਕਿਹਾ ਕਿ ਇਕ ਵਾਰ ਜਦੋਂ ਕਰੋਨਾ ਟੀਕਾ ਮਿਲ ਗਿਆ ਤਾਂ ਅਸੀਂ ਕੁਝ ਹਫ਼ਤਿਆਂ ਵਿਚ ਦਿੱਲੀ ਦੀ ਸਾਰੀ ਆਬਾਦੀ ਦੇ ਟੀਕਾ ਲਗਾ ਸਕਦੇ ਹਾਂ। ਜੈਨ ਨੇ ਇਹ ਵੀ ਕਿਹਾ ਕਿ ਟੀਕੇ ਦੀ ਵੰਡ ਵੇਲੇ ਦਿੱਲੀ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਇਹ ਕੌਮੀ ਰਾਜਧਾਨੀ ਹੈ। ਵੀਰਵਾਰ ਨੂੰ ਦਿੱਲੀ ਦੇ ਟੀਕਾਕਰਨ ਅਧਿਕਾਰੀ ਸੁਰੇਸ਼ ਸੇਠ ਨੇ ਕਿਹਾ ਸੀ ਕਿ ਕੋਵਿਡ-19 ਟੀਕਾਕਰਨ ਪ੍ਰੋਗਰਾਮ ਲਈ ਰਾਸ਼ਟਰੀ ਰਾਜਧਾਨੀ ਦੀ ਤਿਆਰੀ ਕੀਤੀ ਜਾ ਰਹੀ ਹੈ।