ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 12 ਦਸੰਬਰ
ਗਾਜ਼ੀਪੁਰ ਮੋਰਚੇ ਦੇ ਕਿਸਾਨਾਂ ਨੇ ਅੱਜ ਤੈਅ ਪ੍ਰੋਗਰਾਮ ਮੁਤਾਬਕ ਘਰਾਂ ਨੂੰ ਵਾਪਸੀ ਕਰ ਲਈ ਹੈ। ਪਰਤੇ ਰਹੇ ਕਿਸਾਨਾਂ ਦਾ ਥਾਂ-ਥਾਂ ਉਸੇ ਤਰ੍ਹਾਂ ਸ਼ਾਨਦਾਰ ਸਵਾਗਤ ਕੀਤਾ ਗਿਆ, ਜਿਵੇਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੀ ਵਾਪਸੀ ਮੌਕੇ ਪਿੰਡਾਂ ਵਾਲਿਆਂ ਨੇ ਢੋਲ-ਢਮੱਕੇ ਵਜਾ ਕੇ ਕੀਤਾ ਸੀ। ਗਾਜ਼ੀਪੁਰ ਮੋਰਚੇ ਦੇ ਬੁਲਾਰੇ ਜਗਤਾਰ ਸਿੰਘ ਬਾਜਵਾ ਨੇ ਦੱਸਿਆ ਕਿ ਅੱਜ ਰਵਾਨਾ ਹੋਏ ਜਥੇ ਦਾ ਪਿੰਡਾਂ ਵਿੱਚ ਸ਼ਾਨਦਾਰ ਸਵਾਗਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਜਥਾ ਤਰਾਈ ਖੇਤਰ ਦੇ ਕਿਸਾਨਾਂ ਦਾ ਸੀ, ਜੋ ਸਾਲ ਭਰ ਤੋਂ ਗਾਜ਼ੀਪੁਰ ਮੋਰਚੇ ਵਿੱਚ ਡਟਿਆ ਰਿਹਾ। ਇਨ੍ਹਾਂ ਕਿਸਾਨਾਂ ਨੇ ਮੋਰਚੇ ਵਿੱਚ ਲੰਗਰ ਸਮੇਤ ਹੋਰ ਮਦਦ ਵੀ। ਜ਼ਿਕਰਯੋਗ ਹੈ ਕਿ ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਦੇ ਵਿੱਚ ਪੈਂਦੇ ਤਰਾਈ ਦੇ ਇਲਾਕੇ ਵਿੱਚ ਬਹੁਗਿਣਤੀ ਸਿੱਖ ਕਿਸਾਨ ਰਹਿੰਦੇ ਹਨ ਤੇ ਵੱਡੀਆਂ ਜ਼ਮੀਨਾਂ ਦੇ ਮਾਲਕ ਹਨ। ਇਸ ਮੌਕੇ ਬਲਜਿੰਦਰ ਸਿੰਘ ਮਾਨ, ਰਾਕੈਸ਼ ਟਿਕੈਤ ਤੇ ਧਰਮਿੰਦਰ ਮਲਿਕ ਸਮੇਤ ਹੋਰ ਆਗੂ ਹਾਜ਼ਰ ਸਨ। ਇਸ ਜਥੇ ਨੇ ਤਿਰੰਗੇ ਝੰਡੇ ਦੀ ਛਾਂ ਹੇਠ ਵਾਪਸੀ ਸ਼ੁਰੂ ਕੀਤੀ ਅਤੇ ਰਾਹਾਂ ਵਿੱਚ ਪੈਂਦੇ ਪਿੰਡਾਂ ਦੇ ਲੋਕਾਂ, ਔਰਤਾਂ ਤੇ ਬੱਚਿਆਂ ਨੇ ਸ਼ਾਨਦਾਰ ਤਰੀਕੇ ਨਾਲ ਜੀ ਆਇਆਂ ਕਿਹਾ।
ਕਿਸਾਨ ਆਗੂ ਬਲਜਿੰਦਰ ਸਿੰਘ ਮਾਨ ਨੇ ਕਿਹਾ ਕਿ ਗਾਜ਼ੀਪੁਰ ਬਾਰਡਰ ਤੋਂ ਅਜੇ ਕਿਸਾਨਾਂ ਦੀਆਂ ਝੌਪੜੀਆਂ ਹਟਾਉਣ ਨੂੰ ਸਮਾਂ ਲੱਗੇਗਾ ਤੇ ਅਜੇ ਪੁਲੀਸ ਨੇ ਇੱਥੋਂ ਬੈਰੀਕੇਡ ਨਹੀਂ ਖੋਲ੍ਹੇ ਹਨ, ਹਾਲਾਂਕਿ ਕੁਝ ਹਿੱਸਾ ਅੰਦੋਲਨ ਦੌਰਾਨ ਕੁੱਝ ਸਮੇਂ ਲਈ ਖੁੱਲ੍ਹਾ ਰੱਖਿਆ ਜਾ ਰਿਹਾ ਸੀ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਅੰਦੋਲਨ ਨੇ ਦੇਸ਼ ਵਾਸੀਆਂ ਅੱਗੇ ਇਹ ਉਦਾਹਰਨ ਪੇਸ਼ ਕਰ ਦਿੱਤੀ ਹੈ ਕਿ ਸਰਕਾਰਾਂ ਨੂੰ ਸ਼ਾਂਤਮਈ ਤਰੀਕੇ ਨਾਲ ਹੀ ਹਰਾਇਆ ਜਾ ਸਕਦਾ ਹੈ।