ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਅਪਰੈਲ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਮੁਲਤਵੀ ਹੋਣਾ, ਜਿੱਥੇ ਸੱਤਾਧਾਰੀ ਧਿਰ ਲਈ ਲਾਹੇਵੰਦ ਸਾਬਤ ਹੋ ਸਕਦਾ ਹੈ, ਉੱਥੇ ਨਵੇਂ ਉਮੀਦਵਾਰਾਂ ’ਤੇ ਹੋਰ ਪੈਸੇ ਪ੍ਰਚਾਰ ਉਪਰ ਖਰਚ ਕਰਨ ਦਾ ਬੋਝ ਪਵੇਗਾ। 46 ਵਾਰਡਾਂ ਵਿਚ 25 ਅਪਰੈਲ ਨੂੰ ਵੋਟਾਂ ਪੈਣੀਆਂ ਸਨ ਤੇ 28 ਅਪਰੈਲ ਨੂੰ ਨਤੀਜੇ ਆਉਣੇ ਸਨ। ਸ਼੍ਰੋਮਣੀ ਅਕਾਲੀ ਦਲ ਨੇ ਹੀ ਸਾਰੇ 46 ਵਾਰਡਾਂ ਵਿਚ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਹੋਏ ਹਨ। ਬਾਕੀ ਧਿਰਾਂ ਨੇ ਪ੍ਰਤੱਖ ਤੇ ਅੰਦਰਖਾਤੇ ਸਮਝੌਤੇ ਕਰਕੇ ਉਸੇ ਅਨੁਸਾਰ ਉਮੀਦਵਾਰ ਖੜ੍ਹੇ ਕੀਤੇ ਸਨ। ਮੁੱਖ ਧਿਰਾਂ ਨੇ ਚੋਣ ਅਮਲ ਰੋਕਣ ਨੂੰ ਸਹੀ ਕਰਾਰ ਦਿੱਤਾ ਹੈ। ਸੱਤਾਧਾਰੀ ਧਿਰ ਵੱਲੋਂ ਲੌਕਡਾਊਨ ਸ਼ੁਰੂ ਹੁੰਦੇ ਹੀ ਸਰਾਵਾਂ ਕਰੋਨਾ ਮਰੀਜ਼ਾਂ ਨੂੰ ਦੇਣ ਤੇ ਲੋੜਵੰਦਾਂ ਨੂੰ ਲੰਗਰ ਸੇਵਾ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ। ਦਿੱਲੀ ਕਮੇਟੀ ਨੇ 2020 ’ਚ ਲੌਕਡਾਊਨ ਦੌਰਾਨ ਲੰਗਰ ਸੇਵਾ ਕਰਕੇ ਕੌਮਾਂਤਰੀ ਪ੍ਰਸਿੱਧੀ ਖੱਟੀ ਹੈ ਤੇ ਹੁਣ ਲੌਕਡਾਊਨ ਦੌਰਾਨ ਫਿਰ ਉਹੀ ਸੇਵਾਵਾਂ ਸ਼ੁਰੂ ਕਰਕੇ ਮੌਜੂਦਾ ਅਹੁਦੇਦਾਰ ਆਪਣੀ ਭੱਲ ਬਣਾ ਸਕਦੇ ਹਨ। ਵਿਰੋਧੀ ਧਿਰਾਂ ਨੇ ਅਜਿਹੇ ਖ਼ਦਸ਼ਿਆਂ ਦਾ ਪ੍ਰਗਟਾਵਾ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਉਨ੍ਹਾਂ ਨੂੰ ਡਰ ਹੈ ਕਿ ਵੋਟ ਬੈਂਕ ਨੂੰ ਖੋਰਾ ਮਨਜਿੰਦਰ ਸਿੰਘ ਸਿਰਸਾ ਤੇ ਸਾਥੀਆਂ ਦੀ ਟੀਮ ਲਾ ਸਕਦੀ ਹੈ।
ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਵਜੀਤ ਸਿੰਘ ਵਿਰਕ ਨੇ ਆਪਣੀ ਟੀਮ ਭੇਜ ਕੇ ਇਲਾਕਿਆਂ ਵਿੱਚ ਸੈਨੇਟਾਈਜੇਸ਼ਨ ਸ਼ੁਰੂ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਕਮੇਟੀ ਦੇ ਆਖਣ ਮਗਰੋਂ ਇਲਾਕੇ ਦੇ ਲੋਕਾਂ ਤੋਂ ਪੁੱਛਿਆ ਜਾ ਰਿਹਾ ਹੈ ਕਿ ਕਿਸੇ ਵੀ ਡਾਕਟਰੀ ਸਹਾਇਤਾ ਜਾਂ ਸਹੂਲਤ ਦੀ ਲੋੜ ਹੋਵੇ ਤਾਂ ਟੀਮਾਂ ਪੁੱਜਣਗੀਆਂ। ‘ਜਾਗੋ’ ਦੇ ਉਮੀਦਵਾਰ ਬਲਦੀਪ ਸਿੰਘ ਰਾਜਾ ਨੇ ਦਿੱਲੀ ਸਰਕਾਰ ਦੇ ਫ਼ੈਸਲੇ ਨੂੰ ਦਰੁਸਤ ਕਰਾਰ ਦਿੱਤਾ ਹੈ ਅਤੇ ਕਿਹਾ ਕਿ ਲੋਕਾਂ ਦੀ ਜ਼ਿੰਦਗੀ ਖ਼ਤਰੇ ਵਿਚ ਨਹੀਂ ਪਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਤੋਂ ਉਨ੍ਹਾਂ ਦੀ ਸਿਹਤ ਬਾਰੇ ਫੋਨਾਂ ਰਾਹੀਂ ਜਾਣਕਾਰੀ ਲਈ ਜਾ ਰਹੀ ਹੈ। ਸਰਨਾ ਧੜੇ ਦੇ ਉਮੀਦਵਾਰ ਸੁਖਬੀਰ ਕਾਲੜਾ ਵੱਲੋਂ ਇਲਾਕੇ ਵਿੱਚ ਲੰਗਰ ਵੰਡਿਆ ਜਾ ਰਿਹਾ ਹੈ ਤੇ ਉਨ੍ਹਾਂ ਨਾਲ ਜੁੜੇ ਟਰਾਂਸਪੋਰਟ ਭਾਈਚਾਰੇ ਦੇ ਲੋਕਾਂ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ। ਸ੍ਰੀ ਕਾਲੜਾ ਨੇ ਕਿਹਾ ਕਿ ਵਿਪਤਾ ਦੀ ਇਸ ਘੜੀ ਸਭ ਲੋਕ ਮਿਲ ਕੇ ਟਾਕਰਾ ਕਰਨਗੇ। ਬਾਦਲ ਧੜੇ ਦੀ ਬੀਬੀ ਰਣਜੀਤ ਕੌਰ ਵੱਲੋਂ ਵੀ ਇਲਾਕੇ ਦੇ ਲੋਕਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।