ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 15 ਅਕਤੂਬਰ
ਇੱਥੋਂ ਦੇ ਸੈਕਟਰ-21ਬੀ ਵਿੱਚ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ (ਹੁੱੱਡਾ) ਵੱਲੋਂ ਬਣਾਈ ਗਈ ਮੁੱਖ ਮਾਰਕੀਟ ਦੀਆਂ ਦੁਕਾਨਾਂ ਵਿੱਚ ਮੱਝਾਂ ਬੰਨ੍ਹੀਆਂ ਜਾਂਦੀਆਂ ਹਨ ਜਦੋਂ ਕਿ ਹੁੱਡਾ ਦੇ ਸੈਕਟਰਾਂ ਵਿੱਚ ਅਜਿਹੇ ਪਸ਼ੂ ਪਾਲਣ, ਬੰਨ੍ਹਣ ਦੀ ਮਨਾਹੀ ਹੈ। ਇਹ ਮਾਰਕੀਟ ਇੰਦਰਾ ਕਲੋਨੀ ਤੇ ਸੈਕਟਰ 21 ਦੇ ‘ਬੀ’ ਹਿੱਸੇ ਨੂੰ ਵੰਡਦੀ ਸੜਕ ਉਪਰ ਬਣਾਈ ਗਈ ਹੈ ਜੋ ਹੁੱਡਾ ਦੀਆਂ ਮਾੜੀਆਂ ਨੀਤੀਆਂ ਕਾਰਨ ਆਬਾਦ ਨਹੀਂ ਹੋ ਸਕੀ ਤੇ ਕਈ ਦੁਕਾਨਾਂ ਅਜੇ ਵਿਕਸਤ ਨਹੀਂ ਹੋਈਆਂ ਤੇ ਕੁੱਝ ਦੁਕਾਨਾਂ ਬੰਦ ਪਈਆਂ ਹਨ। ਬੰਦ ਪਈਆਂ ਦੁਕਾਨਾਂ ਦੇ ਵਰਾਂਡਿਆਂ ਵਿੱਚ ਮੱਝਾਂ ਬੰਨ੍ਹੀਆਂ ਜਾਂਦੀਆਂ ਹਨ। ਸਮਾਜ ਸੇਵੀ ਸੁਰਿੰਦਰ ਸਿੰਘ ਓਬਰਾਏ ਨੇ ਕਿਹਾ ਕਿ ਨਿਯਮਾਂ ਦੀ ਅਣਦੇਖੀ ਸੈਕਟਰ-21 ਦੇ ਕਈ ਇਲਾਕਿਆਂ ਵਿੱਚ ਦੇਖੀ ਜਾ ਸਕਦੀ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਵਿਧਾਇਕ ਸੀਮਾ ਤ੍ਰਿਖਾ ਦੀ ਕੋਠੀ ਵੀ ਇਸ ਮਾਰਕੀਟ ਤੋਂ 300 ਮੀਟਰ ਦੀ ਦੂਰੀ ਉਪਰ ਹੋਣ ਦੇ ਬਾਵਜੂਦ ਨਿਯਮਾਂ ਦੀ ਅਣਦੇਖੀ ਵੱਲ ਕੋਈ ਨਿਗਮ ਜਾਂ ਹੁੱਡਾ ਦਾ ਅਧਿਕਾਰੀ ਧਿਆਨ ਨਹੀਂ ਦਿੰਦਾ। ਲੋਕਾਂ ਅਨੁਸਾਰ ਹੁਣ ਡੇਂਗੂ ਦਾ ਪ੍ਰਕੋਪ ਹੈ ਪਰ ਅਧਿਕਾਰੀ ਅਣਡਿੱਠ ਕਰ ਰਹੇ ਹਨ। ਮੱਝਾਂ ਦੇ ਗੋਹੇ ਦੀ ਬਦਬੂ ਤੇ ਮੱਛਰਾਂ ਦੀ ਪੈਦਾਇਸ਼ ਲਈ ਇਹ ਮਾਰਕੀਟ ਮਸ਼ਹੂਰ ਹੋ ਰਹੀ ਹੈ। ਨੇੜੇ ਵੀ ਬੂਟੀ ਉੱਗੀ ਹੋਈ ਹੈ।