ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਜੂਨ
ਪੂਰਬੀ ਦਿੱਲੀ ਦੇ ਘਰ ਵਿੱਚੋਂ ਬਜ਼ੁਰਗ ਜੋੜੇ ਦੀਆਂ ਲਾਸ਼ਾਂ ਨਿਰਮਾਣ ਵਿਹਾਰ ਵਿੱਚੋਂ ਮਿਲੀਆਂ ਤੇ ਮ੍ਰਿਤਕਾਂ ਦੀ ਪਛਾਣ ਵਿਜੇ ਕੁਮਾਰ ਤਲਵਾੜ (80) ਤੇ ਸਵਿਤਾ ਤਲਵਾੜ (75) ਵਜੋਂ ਹੋਈ ਹੈ। ਪੁਲੀਸ ਅਨੁਸਾਰ ਪ੍ਰੀਤ ਵਿਹਾਰ ਸਟੇਸ਼ਨ ’ਤੇ ਪ੍ਰਮੋਦ ਕੁਮਾਰ ਤਲਵਾੜ ਤੋਂ ਪੀਸੀਆਰ ਕਾਲ ਆਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਉਸ ਦਾ ਭਰਾ ਵਿਜੇ ਅਤੇ ਉਸ ਦੀ ਭਰਜਾਈ ਸਵਿਤਾ ਵਾਰ-ਵਾਰ ਖੜਕਾਉਣ ਦੇ ਬਾਵਜੂਦ ਨਿਰਮਾਣ ਵਿਹਾਰ ਸਥਿਤ ਆਪਣੇ ਘਰ ਦਾ ਦਰਵਾਜ਼ਾ ਨਹੀਂ ਖੋਲ੍ਹ ਰਹੇ। ਮਗਰੋੀ ਫਾਇਰ ਬ੍ਰਿਗੇਡ ਦੀ ਮਦਦ ਨਾਲ ਦਰਵਾਜ਼ਾ ਖੋਲ੍ਹਿਆ ਗਿਆ। ਵਿਜੇ ਕੁਮਾਰ ਤਲਵਾੜ ਤੇ ਸਵਿਤਾ ਤਲਵਾੜ ਦੀਆਂ ਲਾਸ਼ਾਂ ਅੰਦਰ ਪਈਆਂ ਮਿਲੀਆਂ। ਡੀਸੀਪੀ (ਪੂਰਬੀ) ਪ੍ਰਿਅੰਕਾ ਕਸ਼ਯਪ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਜੋੜਾ ਪਿਛਲੇ 14 ਸਾਲਾਂ ਤੋਂ ਇੱਥੇ ਰਹਿ ਰਿਹਾ ਸੀ ਤੇ ਉਨ੍ਹਾਂ ਦੇ ਬੱਚੇ ਸੰਯੁਕਤ ਰਾਜ ਵਿੱਚ ਰਹਿੰਦੇ ਹਨ। ਕਸ਼ਯਪ ਨੇ ਇਹ ਵੀ ਕਿਹਾ ਕਿ ਜੋੜੇ ਦੇ ਗੁਆਂਢੀਆਂ ਤੇ ਰਿਸ਼ਤੇਦਾਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਲਾਸ਼ਾਂ ਨੂੰ ਮੁਰਦਾਘਰ ਵਿੱਚ ਸੁਰੱਖਿਅਤ ਰੱਖਿਆ ਗਿਆ ਹੈ।
ਚਾਕੂ ਮਾਰ ਕੇ ਹੱਤਿਆ
ਨਵੀਂ ਦਿੱਲੀ (ਪੱਤਰ ਪ੍ਰੇਰਕ): ਉੱਤਰ ਪੱਛਮੀ ਦਿੱਲੀ ਵਿੱਚ ਮਾਮੂਲੀ ਗੱਲ ਨੂੰ ਲੈ ਕੇ ਦੋ ਪਰਿਵਾਰਾਂ ਵਿੱਚ ਹੋਏ ਝਗੜੇ ਦੌਰਾਨ ਇੱਕ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਅਤੇ ਤਿੰਨ ਹੋਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਜਹਾਂਗੀਰਪੁਰੀ ਖੇਤਰ ਪੁਲੀਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮ੍ਰਿਤਕ ਦੀ ਪਛਾਣ ਏ ਅਬਦੁਲ ਮੁਤਾਲਿਫ਼ (42) ਵਜੋਂ ਹੋਈ ਜੋ ਜਹਾਂਗੀਰਪੁਰੀ ਦੇ ਈ-ਬਲਾਕ ਦਾ ਰਹਿਣ ਵਾਲਾ ਹੈ। ਪੁਲੀਸ ਮੁਤਾਬਕ ਉਨ੍ਹਾਂ ਨੂੰ ਵੀਰਵਾਰ ਰਾਤ ਕਰੀਬ 10.45 ਵਜੇ ਜਹਾਂਗੀਰਪੁਰੀ ਦੇ ਈ-ਬਲਾਕ ਵਿੱਚ ਦੋ ਗੁਆਂਢੀਆਂ ਵਿਚਾਲੇ ਝਗੜਾ ਹੋਣ ਦੀ ਸੂਚਨਾ ਮਿਲੀ। ਪੁੱਛ-ਪੜਤਾਲ ਦੌਰਾਨ ਪਤਾ ਲੱਗਿਆ ਕਿ ਦੋ ਨਾਬਾਲਗ ਲੜਕਿਆਂ ਵਿੱਚੋਂ ਇਕ ਦੂਜੇ ਦੇ ਸਾਈਕਲ ਅਚਾਨਕ ਟਕਰਾ ਜਾਣ ਤੋਂ ਬਾਅਦ ਝਗੜਾ ਹੋ ਗਿਆ। ਡਿਪਟੀ ਕਮਿਸ਼ਨਰ ਆਫ਼ ਪੁਲੀਸ (ਉੱਤਰ-ਪੱਛਮੀ) ਊਸ਼ਾ ਰੰਗਨਾਨੀ ਨੇ ਕਿਹਾ ਕਿ ਬਾਅਦ ਵਿੱਚ, ਉਨ੍ਹਾਂ ਦੇ ਪਰਿਵਾਰਾਂ ਨੇ ਦਖਲ ਦਿੱਤਾ ਅਤੇ ਬਹਿਸ ਵਧ ਗਈ। ਚਾਰ ਜ਼ਖ਼ਮੀ ਵਿਅਕਤੀ ਬਾਬੂ ਜਗਜੀਵਨ ਰਾਮ ਮੈਮੋਰੀਅਲ (ਬੀਜੇਆਰਐੱਮ) ਹਸਪਤਾਲ ਦਾਖ਼ਲ ਕਰਵਾਏ ਗਏ ਜਿੱਥੇ ਅਬਦੁਲ ਮੁਤਾਲਿਫ਼ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਪੁਲੀਸ ਵੱਲੋਂ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਜਾਰੀ ਸੀ।