ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਸਤੰਬਰ
ਨੌਜਵਾਨਾਂ ਵੱਲੋਂ ‘ਆਪ’ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨਾਲ ਚੁਣੇ ਨੁਮਾਇੰਦਿਆਂ ਦੇ ਸੰਮੇਲਨ ਦੌਰਾਨ ਤਸਵੀਰਾਂ ਖਿਚਵਾਉਣ ਦੀ ਹੋੜ ਲੱਗੀ ਰਹੀ। ਜਦੋਂ ਨੁਮਾਇੰਦੇ ਖਾਣਾ ਖਾਣ ਲਈ ਇੱਕਠੇ ਹੋਏ ਤਾਂ ਉੱਥੇ ਮਨੀਸ਼ ਸਿਸੋਦੀਆ ਅਤੇ ਸੰਜੇ ਸਿੰਘ ਸਮੇਤ ਹੋਰ ਸੀਨੀਅਰ ਆਗੂ ਵੀ ਪਹੁੰਚੇ ਹੋਏ ਸਨ। ਸ੍ਰੀ ਸਿਸੋਦੀਆ ਜਦੋਂ ਮੇਜ ਉਪਰ ਹੋਰ ਆਗੂਆਂ ਨਾਲ ਆ ਕੇ ਬੈਠੇ ਤਾਂ ਨੌਜਵਾਨਾਂ ਦੀ ਭੀੜ ਉਨ੍ਹਾਂ ਦੁਆਲੇ ਇੱਕਠੀ ਹੋ ਗਈ ਅਤੇ ਮੋਬਾਈਲਾਂ ਨਾਲ ਤਸਵੀਰਾਂ, ਸੈਲਫੀਆਂ ਦਾ ਦੌਰ ਕਰੀਬ ਅੱਧੇ ਘੰਟੇ ਤੱਕ ਚੱਲਦਾ ਰਿਹਾ। ਹਾਲਾਂਕਿ ਇੱਕ ਵਾਰ ਪੁਲੀਸ ਮੁਲਾਜ਼ਮਾਂ ਨੇ ਨੌਜਵਾਨਾਂ ਨੂੰ ਹਟਾਉਣਾ ਵੀ ਚਾਹਿਆ ਪਰ ਉਨ੍ਹਾਂ ਅੱਗੇ ਉਹ ਵੀ ਬੇਵੱਸ ਨਜ਼ਰ ਆਏ। ਦਿੱਲੀ, ਪੰਜਾਬ ਤੋਂ ਇਲਾਵਾ ਹੋਰ ਰਾਜਾਂ ਤੋਂ ਆਏ ਨੌਜਵਾਨਾਂ ਵਿੱਚ ਸਿਸੋਦੀਆ ਨਾਲ ਤਸਵੀਰਾਂ ਖਿਚਵਾਉਣ ਦੀ ਲਲਕ ਦੇਖੀ ਗਈ। ਪੰਜਾਬ ‘ਆਪ’ ਦੇ ਇੰਚਾਰਜ ਅਤੇ ਤਿਲਕ ਨਗਰ ਤੋਂ ਵਿਧਾਇਕ ਜਰਨੈਲ ਸਿੰਘ ਇੱਕ ਸਾਥੀ ਦੀ ਗੱਡੀ ਵਿੱਚ ਸੁੱਕੇ ਬਰੈਡ ਖਾਂਦੇ ਨਜ਼ਰ ਆਏ। ਚਾਂਦਨੀ ਚੌਕ ਦੇ ਵਿਧਾਇਕ ਪ੍ਰਹਿਲਾਦ ਸਿੰਘ ਸਾਹਨੀ ਤੇ ਹੋਰ ‘ਆਪ’ ਵਿਧਾਇਕ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਭਾਸ਼ਣ ਮਗਰੋਂ ਛੇਤੀ ਹੀ ਉੱਠ ਗਏ। ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਵੀ ਕੇਜਰੀਵਾਲ ਦੇ ਭਾਸ਼ਣ ਮਗਰੋਂ ਹਾਲ ਵਿੱਚੋਂ ਚਲੇ ਗਏ ਅਤੇ ਮੀਡੀਆ ਤੋਂ ਦੂਰੀ ਰੱਖਣ ਦੀ ਕੋਸ਼ਿਸ਼ ਕੀਤੀ।