ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਲਈ ਅਗਲੇ ਸੈਸ਼ਨ ਵਿੱਚ ਸੰਵਿਧਾਨਕ ਪ੍ਰਕਿਰਿਆ ਅਪਨਾਉਣ ਬਾਰੇ ਦਿੱਤੇ ਬਿਆਨ ਤੋਂ ਬਾਅਦ ਲਗਾਤਾਰ ਦੂਜੇ ਦਿਨ ਦਿੱਲੀ ਦੇ ਕਿਸਾਨ ਮੋਰਚਿਆਂ ਉਪਰ ਜਸ਼ਨ ਦਾ ਮਾਹੌਲ ਰਿਹਾ। ਸਿੰਘੂ ਤੇ ਗਾਜ਼ੀਪੁਰ ਦੇ ਬਾਰਡਰਾਂ ਉਪਰ ਧਾਰਮਿਕ ਵਿਚਾਰ ਵੀ ਹੋਏ। ਗਾਜ਼ੀਪੁਰ ’ਤੇ ਰਾਕੇਸ਼ ਟਿਕੈਤ ਨੇ ਗੁਰੂ ਨਾਨਕ ਦੇਵ ਦੀ ਤਸਵੀਰ ਨੂੰ ਮੱਥਾ ਟੇਕਿਆ। ਇੱਥੇ ਕੀਰਤਨ ਪ੍ਰਵਾਹ ਵੀ ਚੱਲਿਆ। ਇਸੇ ਤਰ੍ਹਾਂ ਧਾਰਮਿਕ ਸ਼ਖ਼ਸੀਅਤਾਂ ਵੱਲੋਂ ਸਿੰਘੂ ਬਾਰਡਰ ਉਪਰ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕੀਤੀ ਗਈ। ਗਾਇਕਾਂ ਨੇ ਵੀ ਮੁੜ ਕਿਸਾਨ ਮੋਰਚਿਆਂ ਵੱਲ ਰੁਖ਼ ਕੀਤਾ ਹੈ। ਸਿੰਘੂ, ਟਿਕਰੀ ਤੇ ਗਾਜ਼ੀਪੁਰ ਦੇ ਬਾਰਡਰਾਂ ਉਪਰ ਜਸ਼ਨ ਮਨਾਏ। ਨੌਜਵਾਨ ਕਿਸਾਨਾਂ ਦੇ ਚਿਹਰਿਆਂ ’ਤੇ ਇਸ ਇਤਿਹਾਸਕ ਜਿੱਤ ਦੇ ਪਹਿਲੇ ਪੜਾਅ ਦਾ ਜਲੌਅ ਨਜ਼ਰ ਆ ਰਿਹਾ ਸੀ। ਕਿਸਾਨਾਂ ਹਾਲਾਂ ਕਿ ਕੇਂਦਰ ਸਰਕਾਰ ’ਤੇ ਯਕੀਨ ਨਹੀਂ ਕਰ ਰਹੇ ਤੇ ਉਹ ਤਾਜ਼ਾ ਐਲਾਨ ਦੇ ਲਿਖ਼ਤੀ ਰੂਪ ਅਖ਼ਤਿਆਰ ਕਰਨ ਮਗਰੋਂ ਹੀ ਮੋਰਚੇ ਛੱਡਣਗੇ। ਕਿਸਾਨਾਂ ਵੱਲੋਂ ਨਾਅਰੇ ਲਾਏ ਗਏ ਤੇ ਨਾਲ ਹੀ ਸਵਾਲ ਵੀ ਕੀਤਾ ਕਿ ਐਨਾ ਸਮਾਂ ਕਿਉਂ ਲਾਇਆ ਜਦੋਂ ਕਿ ਦੇਸ਼ ਦੇ ਕਿਸਾਨ ਕਾਨੂੰਨ ਰੱਦ ਕਰਨ ’ਤੇ ਡਟੇ ਹੋਏ ਸਨ। ਕਿਸਾਨ ਆਗੂ ਕੰਵਲਜੀਤ ਸਿੰਘ ਪੰਨੂ ਨੇ ਕਿਹਾ ਕਿ ਕਰੀਬ ਸਾਲ ਦੇ ਅੰਦੋਲਨ ਮਗਰੋਂ ਕਿਸਾਨ ਜੇਤੂ ਹੋ ਕੇ ਨਿਕਲੇ ਤੇ ਦੇਸ਼ ਨੂੰ ਕੇਂਦਰ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨ ਦਾ ਸਬੱਬ ਵੀ ਦਿੱਤਾ।
ਕਿਸਾਨ ਆਗੂ ਕਿਰਨਜੀਤ ਸਿੰਘ ਸੇਖੋਂ ਨੇ ਕਿਹਾ ਕਿ ਭਾਜਪਾ ਇੱਕ ਜੁਮਲਾ ਸਰਕਾਰ ਹੈ ਇਸ ਲਈ ਕਿਸਾਨਾਂ ਨੂੰ ਅਜੇ ਵੀ ਚੌਕਸ ਰਹਿਣ ਦੀ ਲੋੜ ਹੈ। ਕਈ ਕਿਸਾਨਾਂ ਨੇ ਕਾਹਲੀ ਨਾ ਕਰਨ ਦੀ ਸਾਥੀ ਕਿਸਾਨਾਂ ਨੂੰ ਤਾਕੀਦ ਵੀ ਕੀਤੀ। ਦਿੱਲੀ ਦੇ ਬਾਰਡਰਾਂ ਦੇ ਮੋਰਚਿਆਂ ਦੇ ਕਿਸਾਨਾਂ ਦੇ ਚਿਹਰੇ ਚਮਕ ਰਹੇ ਸਨ। ਰਾਜਸਥਾਨ ਦੇ ਸ਼ਾਹਜਾਹਪੁਰ, ਪਲਵਲ ਦੇ ਮੋਰਚੇ ਵਿੱਚ ਸੀਮਿਤ ਗਿਣਤੀ ਵਿੱਚ ਆਏ ਕਿਸਾਨਾਂ ਨੇ ਕਿਸਾਨ-ਮਜ਼ਦੂਰ ਏਕਤਾ ਨੂੰ ਇਸ ਜਿੱਤ ਦਾ ਸੂਤਰ ਦੱਸਿਆ। ਗਾਜ਼ੀਪੁਰ ਮੋਰਚੇ ਦੇ ਜਗਤਾਰ ਸਿੰਘ ਬਾਜਵਾ ਨੇ ਕਿਹਾ ਕਿ ਕਿਸਾਨਾਂ ਤੇ ਮਜ਼ਦੂਰਾਂ ਦੇ ਸੰਘਰਸ਼ ਸਦਕਾ ਇਹ ਦਿਨ ਦੇਖਿਆ ਹੈ। ਹਾਲਾਂ ਕਿ ਉਨ੍ਹਾਂ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ ਤੇ ਬਿਜਲੀ ਐਕਟ ਦੀਆਂ ਖ਼ਤਰਨਾਕ ਮੱਦਾਂ ਵਿੱਚੋਂ ਕਿਸਾਨਾਂ ਨੂੰ ਬਾਹਰ ਕਰਨ ਵਰਗੇ ਮੁੱਦੇ ਅਜੇ ਵੀ ਜਿਉਂ ਦੇ ਤਿਉਂ ਹਨ। ਡਾ. ਸਵਾਈਮਾਨ ਸਿੰਘ ਨੇ ਵੀ ਕਿਸਾਨਾਂ ਨਾਲ ਮਿਠਾਈ ਖਾਧੀ ਤੇ ਇਸ ਪੜਾਅ ਦੀ ਖੁਸ਼ੀ ਸਾਂਝੀ ਕੀਤੀ।
ਕਿਸਾਨਾਂ ਦੇ ਲਗਾਤਾਰ ਡਟੇ ਰਹਿਣ ਨਾਲ ਸੰਘਰਸ਼ ਨੂੰ ਬੂਰ ਪਿਆ
ਨਵੀਂ ਦਿੱਲੀ: ‘‘ਇਤਿਹਾਸ ਗਵਾਹ ਹੈ ਕਿ ਲੋਕ ਤਾਕਤ ਅੱਗੇ ਕੋਈ ਵੀ ਲੋਕਾਂ ਦੀ ਦੁਸ਼ਮਣ ਤਾਕਤ ਖੜ੍ਹ ਨਹੀਂ ਸਕਦੀ ਭਾਵੇਂ ਉਹ ਕਿੰਨੀ ਵੀ ਜਾਬਰ ਅਤੇ ਤਾਕਤਵਰ ਹੋਵੇ।’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਟਿਕਰੀ ਬਾਰਡਰ ਦੀ ਸਟੇਜ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਰਦਿਆਂ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਅਖ਼ੀਰ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰਨਾ ਸੰਯੁਕਤ ਕਿਸਾਨ ਮੋਰਚੇ ਦੀ ਸੁਚੱਜੀ ਅਗਵਾਈ , ਸ਼ਾਂਤਮਈ ਅਤੇ ਦ੍ਰਿੜ੍ਹ ਇਰਾਦੇ ਨਾਲ ਮੋਰਚੇ ਵਿੱਚ ਕਿਸਾਨਾਂ ਅਤੇ ਔਰਤਾਂ ਦਾ ਲਗਾਤਾਰ ਡਟੇ ਰਹਿਣਾ , 700 ਦੇ ਕਰੀਬ ਕਿਸਾਨਾਂ ਅਤੇ ਔਰਤਾਂ ਦੀਆਂ ਸ਼ਹਾਦਤਾਂ ਅਤੇ ਦੇਸ਼ਾਂ ਪ੍ਰਦੇਸ਼ਾਂ ਤੋਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਉੱਠ ਰਹੀਆਂ ਆਵਾਜ਼ਾਂ ਦਾ ਹੀ ਸਿੱਟਾ ਹੈ। ਜਿਨ੍ਹਾਂ ਨੇ ਮੋਦੀ ਸਰਕਾਰ ਦੀਆਂ ਜਿਹੜੀ ਆਪਣੇ ਆਪ ਨੂੰ ਵੱਡੀ ਤਾਕਤ ਵਜੋਂ ਚਿਤਵਦੀ ਸੀ ਉਸ ਤਾਕਤ ਦੀ ਗੋਡਣੀ ਲਵਾਂ ਦਿੱਤੀ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਪੰਜਾਬ ਦੇ ਸੰਘਰਸ਼ਸ਼ੀਲ ਕਿਰਤੀ ਲੋਕਾਂ ਦੇ ਸੰਘਰਸ਼ ਸਦਕਾ ਸੁਪਰੀਮ ਕੋਰਟ ਵੱਲੋਂ ਇਕ ਕਿਸਾਨ ਆਗੂ ਨੂੰ ਕੀਤੀ ਝੂਠੀ ਉਮਰ ਕੈਦ ਦੀ ਸਜ਼ਾ ਰੱਦ ਕਰਵਾਉਣਾ ਅਤੇ ਭਾਰਤੀ ਹਕੂਮਤ ਵੱਲੋਂ ਕਿਸਾਨਾਂ ਦੀਆਂ ਧੱਕੇ ਨਾਲ ਖੋਹੀਆਂ ਜਾ ਰਹੀਆਂ ਜ਼ਮੀਨਾ ਖ਼ਿਲਾਫ਼ ਉਨ੍ਹਾਂ ਦੀ ਸਹਿਮਤੀ ਨਾਲ ਜ਼ਮੀਨਾਂ ਐਕੁਆਇਰ ਕਰਨ ਵਾਲਾ ਕਾਨੂੰਨ ਬਣਾਉਣਾ ਲੋਕ ਤਾਕਤ ਦੇ ਕ੍ਰਿਸ਼ਮੇ ਹੋਏ ਹਨ ਅਤੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਲੰਮੀ ਲੜਾਈ ਲਈ ਤਿਆਰ ਰਹਿਣ ਦਾ ਸੱਦਾ ਦਿੰਦਿਆਂ ਕਿਹਾ ਕਿ ਅਸਲ ਵਿੱਚ ਇਹ ਤਾਂ ਵੱਡੀ ਲੜਾਈ ਦੀ ਸ਼ੁਰੂਆਤ ਹੈ। ਮਾਰੂਤੀ ਸੁਜ਼ੂਕੀ ਸਨਅਤੀ ਮਜ਼ਦੂਰ ਗੁੜਗਾਉਂ ਦੇ ਆਗੂ ਸੰਤੋਸ਼ ਕੁਮਾਰ ਨੇ ਕਿਹਾ ਕਿ ਕਿਸਾਨ ਮੋਰਚੇ ਦੌਰਾਨ ਕਿਸਾਨ ਆਗੂਆਂ ਵੱਲੋਂ ਸਨਅਤੀ ਅਤੇ ਖੇਤ ਮਜ਼ਦੂਰਾਂ ਨਾਲ ਸਾਂਝ ਹੋਰ ਗੂੜ੍ਹੀ ਕੀਤੀ ਗਈ ਹੈ। ਇਥੇ ਸਿੰਘੂ ਸਟੇਜ ਉੱਤੇ ਸ੍ਰੀ ਗੁਰੂ ਨਾਨਕ ਦੇਵ ਦਾ 552ਵਾਂ ਪ੍ਰਕਾਸ਼ ਉਤਸਵ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ, ਇਸ ਮੌਕੇ ਐੱਨਆਈਆਰ ਭਾਈਚਾਰੇ ਵਲੋਂ ਵਿਤੀ ਸਹਾਇਤਾ ਭੇਟ ਕੀਤੀ ਗਈ। ਬਿਕਰਮ ਸਿੰਘ ਕੰਗ ਅਤੇ ਮਨਬੀਰ ਸਿੰਘ ਭੰਗੂ ਵਲੋਂ 1000 ਡਾਲਰ ਜਿਸ ਦੇ ਤਕਰੀਬਨ 75000 ਰੁਪਏ ਬਣਦੇ ਹਨ ਸੰਯੁਕਤ ਕਿਸਾਨ ਮੋਰਚੇ ਨੂੰ ਭੇਟ ਕੀਤੀ ਜਿਸਦਾ ਪ੍ਰੇਮ ਸਿੰਘ ਭੰਗੂ ਕਿਸਾਨ ਆਗੂ ਅਤੇ ਪ੍ਰੋ. ਰਣਬੀਰ ਕੌਰ ਭੰਗੂ ਵੱਲੋਂ ਧੰਨਵਾਦ ਕੀਤਾ ਗਿਆ। ਪ੍ਰਕਾਸ਼ ਉਤਸਵ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ।- ਪੱਤਰ ਪ੍ਰੇਰਕ