ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਮਈ
ਕਰੋਨਾ ਸੰਕਟ ਦੌਰਾਨ ਰੋਜ਼ੀ-ਰੋਟੀ ਤੋਂ ਵਾਂਝੇ ਲੋਕਾਂ ਨੂੰ ਆਪਣਾ ਪੇਟ ਭਰਨ ਖ਼ਾਤਰ ਜਾਨ ਜੋਖ਼ਮ ਵਿੱਚ ਪਾਉਣੀ ਪੈ ਰਹੀ ਹੈ। ਲੌਕਡਾਊਨ ਨੇ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਦਿੱਲੀ ਦੇ ਕੁੱਝ ਨੌਜਵਾਨ ਮਜਨੂੰ ਕਾ ਟਿੱਲਾ ਗੁਰਦੁਆਰੇ ਦੇ ਪਿਛਲੇ ਪਾਸੇ ਯਮੁਨਾ ਨਦੀ ਵਿੱਚ ਸੁੱਟੀ ਜਾਣ ਵਾਲੀ ਰਾਖ਼ ਫਰੋਲਣ ਲਈ ਮਜਬੂਰ ਹਨ। ਉਹ ਕਰੋਨਾ ਕਾਰਨ ਮਾਰੇ ਗਏ ਲੋਕਾਂ ਦੇ ਸਿਵਿਆਂ ਦੀ ਰਾਖ਼ ਨੂੰ ਬੱਠਲਾਂ ਨਾਲ ਯਮੁਨਾ ਦੇ ਪਾਣੀ ਵਿੱਚ ਧੋਂਦੇ ਹਨ ਤੇ ਕੋਈ ਸਿੱਕਾ ਜਾਂ ਹੋਰ ਸਾਮਾਨ ਮਿਲ ਜਾਵੇ ਤਾਂ ਉਸ ਨਾਲ ਗੁਜ਼ਾਰਾ ਚਲਾਉਂਦੇ ਹਨ। ਇਹ ਨੌਜਵਾਨ ਦਿਨ ਵੇਲੇ ਆਉਂਦੇ ਹਨ ਤੇ ਗੁਰਦੁਆਰੇ ਦੇ ਪਿੱਛੇ ਪਾਸੇ ਅਸਥੀਆਂ ਲਈ ਬਣੇ ਸਥਾਨ ਦੇ ਹੇਠਾਂ ਪਾਣੀ ਵਿੱਚ ਇਕੱਠੀ ਹੋਈ ਮ੍ਰਿਤਕਾਂ ਦੀ ਰਾਖ਼ ਅੱਗੇ ਨਦੀ ਵਿੱਚ ਧੱਕਦੇ ਹਨ ਨਾਲ ਹੀ ਉਹ ਰਾਖ਼ ਨੂੰ ਪਾਣੀ ਵਿੱਚ ਛਾਣਦੇ ਹਨ ਕਿ ਕੋਈ ਪੈਸੇ ਮਿਲ ਜਾਣ ਕਿਉਂਕਿ ਕਰੋਨਾ ਨਾਲ ਮਰਿਆਂ ਨੂੰ ਰਸਮਾਂ ਨਾਲ ਨਹੀਂ ਫੂਕਿਆ ਜਾਂਦਾ। ਕਈ ਵਾਰ ਮਰੀਜ਼ਾਂ ਦੇ ਗਹਿਣੇ ਆਦਿ ਵੀ ਨਾਲ ਹੀ ਰਹਿ ਜਾਂਦੇ ਹਨ। ਸੋਗਗ੍ਰਸਤ ਪਰਿਵਾਰਾਂ ਵੱਲੋਂ ਲਾਸ਼ਾਂ ਦੇ ਨਾਲ ਕਈ ਵਾਰ ਭਾਨ ਵੀ ਧਰੀ ਜਾਂਦੀ ਹੈ ਜੋ ਸਿਵਿਆਂ ਦੀ ਅੱਗ ਵਿੱਚ ਨਹੀਂ ਸੜਦੀ। ਇਹ ਨੌਜਵਾਨ ਅਜਿਹੇ ਹੀ ਸਮਾਨ ਦੀ ਭਾਲ ਵਿੱਚ ਰਾਖ਼ ਨੂੰ ਫਰੋਲਦੇ ਹਨ। ਕਮੇਟੀ ਸੂਤਰਾਂ ਮੁਤਾਬਕ ਉਹ ਰਾਖ਼ ਦੇ ਢੇਰ ਨੂੰ ਅੱਗੇ ਯਮੁਨਾ ਵਿੱਚ ਧੱਕਦੇ ਹਨ ਕਿ ਇੱਕੋ ਥਾਂ ਢੇਰ ਨਾ ਲੱਗ ਜਾਵੇ।